ਸੈਕੰਡਰੀ ਜਮਾਤਾਂ ‘ਚ 7.40 ਫੀਸਦੀ ਅਤੇ ਪ੍ਰਾਇਮਰੀ ਜਮਾਤਾਂ ‘ਚ 4.72 ਫੀਸਦੀ ਦਾ ਵਾਧਾ
ਬਰਨਾਲਾ, 2 ਮਈ ( )
ਪੰਜਾਬ ਸਰਕਾਰ ਵੱਲੋਂ ਪਿਛਲੇ ਵਰ੍ਹਿਆਂ ਦੌਰਾਨ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਬਦੌਲਤ ਮੌਜ਼ੂਦਾ ਵਿੱਦਿਅਕ ਸੈਸ਼ਨ ਦੌਰਾਨ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ 3565 ਵਿਦਿਆਰਥੀਆਂ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਹੇਠ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਹਫਤਾਵਾਰੀ ਮੀਟਿੰਗ ‘ਚ ਨਵੇਂ ਦਾਖਲਿਆਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸ੍ਰ ਸਰਬਜੀਤ ਸਿੰਘ ਤੂਰ,ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਵਿਸਥਾਰ ‘ਚ ਵਿਚਾਰ ਚਰਚਾ ਕੀਤੀ ਗਈ। ਸਿੱਖਿਆ ਅਧਿਕਾਰੀਆਂ ਨੇ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਅਪ੍ਰੈਲ ਮਹੀਨੇ ਹੋਏ ਵਿਦਿਆਰਥੀਆਂ ਦੇ ਦਾਖਲਿਆਂ ਬਾਰੇ ਦੱਸਦਿਆਂ ਕਿਹਾ ਕਿ ਹੁਣ ਤੱਕ ਐਲ.ਕੇ.ਜੀ ਤੋਂ ਬਾਰਵੀਂ ਜਮਾਤ ਤੱਕ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ 61035 ਵਿਦਿਆਰਥੀ ਦਾਖਲ ਹੋ ਚੁੱਕੇ ਹਨ, ਜਦੋਂ ਕਿ ਪਿਛਲੇ ਸ਼ੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ 57470 ਸੀ। ਇਸ ਤਰ੍ਹਾਂ ਪਿਛਲੇ ਸ਼ੈਸ਼ਨ ਨਾਲੋਂ 3565 ਵਿਦਿਆਰਥੀ ਵੱਧ ਦਾਖਲ ਹੋ ਚੁੱਕੇ ਹਨ। ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਹੋਇਆ ਇਹ ਇਜ਼ਾਫਾ 6.20 ਫੀਸਦੀ ਬਣਦਾ ਹੈ। ਜਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲਾਂ ‘ਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਪਿਛਲੇ ਵਰ੍ਹੇ 31749 ਵਿਦਿਆਰਥੀ ਪੜ੍ਹਦੇ ਸਨ ਅਤੇ ਇਸ ਵਾਰ ਇਹਨਾਂ ਜਮਾਤਾਂ ਵਿੱਚ ਹੁਣ ਤੱਕ 34099 ਬੱਚੇ ਦਾਖਲ ਹੋ ਚੁੱਕੇ ਹਨ। ਇਸ ਤਰ੍ਹਾਂ ਸੈਕੰਡਰੀ ਵਿੰਗ ‘ਚ ਵਿਦਿਆਰਥੀਆਂ ਦੇ ਦਾਖਲਿਆਂ ‘ਚ 7.40 ਫੀਸਦੀ ਦਾ ਵਾਧਾ ਹੋ ਚੁੱਕਿਆ ਹੈ। ਜਦਕਿ ਪਿਛਲੇ ਦੌਰਾਨ ਐਲ.ਕੇ.ਜੀ ਤੋਂ ਪੰਜਵੀਂ ਜਮਾਤ ਤੱਕ 25721 ਵਿਦਿਆਰਥੀ ਪੜ੍ਹਦੇ ਸਨ ਅਤੇ ਇਸ ਵਾਰ ਦਾਖਲਿਆਂ ਦੇ ਪਹਿਲੇ ਮਹੀਨੇ ਦੌਰਾਨ ਹੀ ਇਹ ਗਿਣਤੀ ਵਧਕੇ 26936 ਹੋ ਚੁੱਕੀ ਹੈ। ਇਸ ਤਰ੍ਹਾਂ ਪ੍ਰਾਇਮਰੀ ਵਿੰਗ ‘ਚ ਵਿਦਿਆਰਥੀਆਂ ਦੇ ਦਾਖਲਿਆਂ ‘ਚ 4.72 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ ਹੈ।
ਸਿੱਖਿਆ ਅਧਿਕਾਰੀਆਂ ਨੇ ਲਗਾਤਾਰ ਦੂਜੇ ਸਾਲ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਹੋਏ ਵੱਡੇ ਇਜ਼ਾਫੇ ਹੋਏ ਵੱਡੇ ਵਾਧੇ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਆਰ ਹਰ ਪੱਖੋਂ ਉੱਚਾ ਚੁੱਕਣ ਦੀ ਬਦੌਲਤ ਹੀ ਇਨ੍ਹਾਂ ਸਕੂਲਾਂ ‘ਚ ਵਿਦਿਆਰਥੀਆਂ ਦਾ ਵੱਡਾ ਵਾਧਾ ਹੋ ਰਿਹਾ ਹੈ। ਹਰ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਨੂੰ ਤਰਜੀਹ ਦੇਣ ਲੱਗੇ ਹਨ।ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਦਾ ਹਰ ਮਾਪੇ ਤੱਕ ਪਹੁੰਚਾਉਣ ਲਈ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਦਾਖਲਾ ਮੁਹਿੰਮ ਚਲਾਈ ਹੋਈ ਹੈ। ਵਿਭਾਗ ਵੱਲੋਂ ਜਿੱਥੇ ਰਵਾਇਤੀ ਸਾਧਨਾਂ ਨੁੱਕੜ ਨਾਟਕਾਂ, ਗੀਤਾਂ, ਮੇਲਿਆਂ, ਧਾਰਮਿਕ ਸਥਾਨਾਂ ਰਾਹੀਂ ਬੇਨਤੀਆਂ ਅਤੇ ਘਰ-ਘਰ ਜਾ ਕੇ, ਮਾਪਿਆਂ ਨੂੰ ਸਰਕਾਰੀ ਸਕੂਲਾਂ ‘ਚ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਟੀਵੀ, ਰੇਡੀਓ, ਸੋਸ਼ਲ ਮੀਡੀਆ, ਪੋਸਟਰਾਂ, ਪੈੱਫਲਿਟਾਂ ਤੇ ਫਲੈਕਸਾਂ ਰਾਹੀਂ ਵੀ ਪ੍ਰਚਾਰ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ ਗਿਆ। ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਦਿਖਾਉਣ ਲਈ ‘ਸਕੂਲ ਦਰਸ਼ਨ’ ਪ੍ਰੋਗਰਾਮ ਵੀ ਚਲਾਇਆ ਹੋਇਆ ਹੈ।ਇਸ ਮੁਹਿੰਮ ਸਦਕਾ ਹੀ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ‘ਚ ਦਾਖਲਾ ਦਿਵਾ ਰਹੇ ਹਨ।
ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਬੱਚੇ ਨੂੰ ਬਿਨਾਂ ਮਹਿੰਗੀਆਂ ਫੀਸਾਂ ਤੋਂ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਯੋਗ ਬਣਾਉਣਾ ਹੀ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਦਾ ਮੁੱਖ ਮਨੋਰਥ ਹੈ।ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਦੇ ਇਛੁੱਕ ਮਾਪਿਆਂ ਨੂੰ ਦਾਖਲੇ ਦੌਰਾਨ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਸੰਬੰਧੀ ਬਿਨਾਂ ਝਿਜਕ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।

English





