
ਸਕੂਲਾਂ ਵਿਚ ਮਿਡ ਟਰਮ ਇਮਤਿਹਾਨਾਂ ਮੌਕੇ ਬੱਚਿਆਂ ਦੇ ਬੈਠਣ ਦੀ ਦੂਰੀ ਕੋਵਿਡ ਨਿਯਮਾਂ ਤਹਿਤ ਹੋਵੇ
ਰੂਪਨਗਰ, 02 ਸਤੰਬਰ 2021 ਪੰਜਾਬ ਸਰਕਾਰ ਵਲੋਂ ਸਕੂਲ ਖੋਲਣ ਦੀ ਮਨਜ਼ੂਰੀ ਦੇਣ ਤੋਂ ਬਾਅਦ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਲੋਂ ਆਨਲਾਈਨ ਦੇ ਨਾਲ ਨਾਲ ਆਫਲਾਈਨ ਪੜਾਈ ਵੀ ਸਕੂਲਾਂ ਵਿਚ ਸ਼ੁਰੂ ਕਰ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਵਲੋਂ ਸਾਰੇ ਸਕੂਲ ਮੁੱਖੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਵਿਡ ਸਬੰਧੀ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਇਨ ਬਿੰਨ ਪਾਲਣਾ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਈਮਰੀ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਸਕੂਲਾਂ ਵਿਚ ਚੈਕਿੰਗ ਵਧਾਈ ਜਾਵੇ ਅਤੇ ਸਾਰੇ ਸਕੂਲਾਂ ਵਿਚ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਇਸ ਦੇ ਨਾਲ ਉਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਰੋਨਾਂ ਦੀ ਤੀਜੀ ਲਹਿਰ ਨੂੰ ਦੇਖਦਿਆਂ ਕੋਈ ਵੀ ਢਿੱਲ ਮੱਠ ਵਾਲਾ ਰਵੱਈਆ ਨਾ ਅਪਣਾਉਣ।ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਨੂੰ ਮਾਸਕ ਪਾ ਕੇ ਰੱਖਣ ਅਤੇ ਸੈਨੀਟਾਈਜਰ ਦੀ ਵਰਤੋ ਯਕੀਨੀ ਬਣਉਣ ਲਈ ਪ੍ਰੇਰਿਤ ਕਰਨ।
ਸ੍ਰੀਮਤੀ ਸੋਨਾਲੀ ਗਿਰੀ ਨੇ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਸਕੂਲਾਂ ਦਾ ਸਾਰੇ ਅਧਿਆਪਨ ਅਤੇ ਗੈਰ ਅਧਿਆਪਨ ਸਟਾਫ ਦੀ ਕੋਵਿਡ ਵੈਕਸੀਨੇਸ਼ਨ ਹਰ ਹਾਲਤ ਵਿਚ ਹੋਣੀ ਚਾਹੀਦੀ ਹੈ।ਉਨ੍ਹਾਂ ਨਾਲ ਹੀ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਕੋਵਿਡ ਨਿਯਮਾਂ ਦੀ ਪੂਰੀ ਪਾਲਣਾ ਕਰਨ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ਵਿਚ ਮਿਡ ਟਰਮ ਇਮਤਿਹਾਨ ਚੱਲ ਰਹੇ ਹਨ, ਜਿਨਾਂ ਦੌਰਾਨ ਬੁੱਚਿਆਂ ਦੇ ਬੈਠਣ ਦੀ ਦੂਰੀ ਕੋਵਿਡ ਨਿਯਮਾਂ ਤਹਿਤ ਹੋਣੀ ਚਾਹੀਦੀ ਹੈ।ਉਨਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਕੋਵਿਡ ਨਿਯਮਾਂ ਦੀ ਪੂਰੀ ਪਾਲਣਾ ਕਰਨ ਲਈ ਹੁਕਮ ਜਾਰੀ ਕੀਤੇ ਹਨ।

English





