- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਹਫਤਾਵਰੀ ਪਲੇਸਮੈਂਟ ਕੈਂਪ ਲਗਾਉਣ ਦਾ ਉਪਰਾਲਾ ਨਿਰੰਤਰ ਜਾਰੀ
ਰੂਪਨਗਰ, 29 ਨਵੰਬਰ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜ਼ਵਾਨਾਂ ਨੂੰ ਰੋਜ਼ਗਾਰ ਦੇਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਰੂਪਨਗਰ ਜ਼ਿਲ੍ਹੇ ਵਿੱਚ ਵੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਹਿੱਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਹਫਤਾਵਰੀ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ 3 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਅਤੇ 11 ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਆਈ.ਸੀ.ਆਈ.ਸੀ.ਆਈ. ਫਾਊਡੇਸ਼ਨ ਵੱਲੋਂ ਤਕਨੀਕੀ, ਗੈਰ ਤਕਨੀਕੀ ਸਟਾਫ ਦੀ ਅਸਾਮੀ ਲਈ ਇੰਟਰਵਿਊ ਲਈ ਗਈ।
ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਤਕਨੀਕੀ ਅਤੇ ਗੈਰ ਤਕਨੀਕੀ ਸਟਾਫ ਦੀ ਅਸਾਮੀ ਲਈ ਉਮੀਦਵਾਰਾਂ ਦੀ ਯੋਗਤਾ ਘੱਟੋ-ਘੱਟ ਗਰੇਜੂਏਸ਼ਨ ਪਾਸ ਕੀਤੀ ਹੋਣੀ ਲਾਜਮੀ ਸੀ। ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਦੇ ਕੰਮ ਕਰਨ ਦਾ ਸਥਾਨ ਨਵਾਂਸ਼ਹਿਰ, ਮੋਹਾਲੀ ਅਤੇ ਚੰਡੀਗੜ੍ਹ ਹੋਵੇਗਾ। ਇਸ ਕੰਪਨੀ ਵਿੱਚ ਚੁਣੇ ਗਏ ਉਮੀਦਵਾਰ ਦੀ ਤਨਖਾਹ 9500 ਪ੍ਰਤੀ ਮਹੀਨਾ ਫਰੈਸ਼ਰ ਲਈ ਅਤੇ 9500 ਤੋਂ 15000 ਪ੍ਰਤੀ ਮਹੀਨਾ ਤਜਰਬੇਕਾਰ ਨੂੰ ਮਿਲਣਯੋਗ ਹੋਵੇਗੀ। ਇਸ ਕੈਂਪ ਵਿੱਚ 18 ਸਾਲ ਤੋਂ 30 ਸਾਲ ਤੱਕ ਦੋਵੇਂ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।
ਇਸ ਤੋਂ ਇਲਾਵਾ ਦੂਸਰੀ ਕੰਪਨੀ ਲੋਰਡ ਕ੍ਰਿਸ਼ਨਾ ਇੰਨਫੋਟੈਕ ਪਾਰਕ ਵੱਲੋ ਲਾਈਨਮੈਨ ਦੀ ਅਸਾਮੀ ਲਈ ਵੀ ਇੰਟਰਵਿਊ ਕੀਤੀ ਗਈ। ਜਿਸ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਦੀ ਯੋਗਤਾ ਅੱਠਵੀ, ਦਸਵੀ ਅਤੇ ਬਾਰਵੀਂ ਲਾਜਮੀ ਸੀ। ਇਸ ਕੰਪਨੀ ਵਿੱਚ ਚੁਣੇ ਗਏ ਉਮੀਦਵਾਰ ਦੀ ਤਨਖਾਹ 10,000 ਤੋਂ 12,000 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 19 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋ 3 ਉਮੀਦਵਾਰਾਂ ਨੂੰ ਮੌਕੇ ਤੇ ਹੀ ਨੌਕਰੀ ਲਈ ਚੁਣ ਲਿਆ ਗਿਆ ਅਤੇ 11 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।

English






