ਪਿੰਡ ਡੱਲਾ ਗੋਰੀਆ ਵਿਖੇ ਪਾਣੀ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਲਈ ਜਾਗਰਕਤਾ ਕੈਂਪ ਲਗਾਇਆ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪਿੰਡ ਡੱਲਾ ਗੋਰੀਆ ਵਿਖੇ ਪਾਣੀ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਲਈ ਜਾਗਰਕਤਾ ਕੈਂਪ ਲਗਾਇਆ

ਗੁਰਦਾਸਪੁਰ, 19 ਅਕਤੂਬਰ –

ਪਿੰਡ ਡੱਲਾ ਗੋਰਿਆ ਵਿਖੇ ਪਾਣੀ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖ਼ੇਤਰੀ ਖੋਜ ਕੇਂਦਰ ਗੁਰਦਾਸਪੁਰ ਅਤੇ ਫਾਰਮ ਸਲਾਹਕਰ ਸੇਵਾ ਸੰਸਥਾ ਵਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਸਕੀਮ ਅਧੀਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਪਿੰਡ ਡੱਲਾ ਗੋਰੀਆ ਵਿਖੇ ਨਾਲ ਲਗਦੇ ਪਿੰਡਾਂ ਦੇ 150 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਵਿੱਚ ਸ੍ਰ ਹਰਦਿਆਂਲ ਸਿੰਘ ਗਜਨੀਪੁਰ, ਮੈਂਬਰ ਪ੍ਰਬੰਧਕੀ ਬੋਰਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸ੍ਰੀ ਅਮਨ ਬਹਿਲ ਜੀ ਮੁੱਖ ਮਹਿਮਾਨ ਵਜੋਂ ਪੁੱਜੇ। ਕੈਂਪ ਦੀ ਪ੍ਰਧਾਨਗੀ ਡਾ ਭੁਪਿੰਦਰ ਸਿੰਘ ਢਿੱਲੋਂ ਜੀ ਨੇ ਕੀਤੀ ਅਤੇ ਮੰਚ ਦਾ ਸੰਚਾਲਨ ਡਾ ਸੋਮੇਸ਼ ਚੋਪੜਾ ਨੇ ਕੀਤਾ।

ਸ੍ਰੀ ਅਮਨ ਬਹਿਲ ਜੀ ਨੇ ਕਿਸਾਨਾਂ ਨੂੰ ਮੁੱਖ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਤ ਕੀਤਾ ਅਤੇ ਪੰਜਾਬ ਸਰਕਾਰ ਵਲੋ ਕਿਸਾਨੀ ਦੇ ਹਿੱਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਸ੍ਰ ਹਰਦਿਆਲ ਸਿੰਘ ਗਜਨੀਪੁਰ ਨੇ ਖੇਤੀ ਸੁਧਾਰ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੋਗਦਾਨ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਵਿੱਚ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਅਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਮੁਹੱਈਆ ਕਰਨ ਵਿਚ ਬਹੁਤ ਲਾਹਵੰਦ ਸਾਬਤ ਹੁੰਦੇ ਹਨ।

ਡਾ. ਸੋਮੇਸ਼ ਚੋਪੜਾ ਨੇ ਹਾਜ਼ਰ ਕਿਸਾਨਾਂ ਦਾ ਸੁਆਗਤ ਕਰਦਿਆਂ ਅਪੀਲ ਕੀਤੀ ਕਿ ਪੰਜਾਬ ਵਿਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ। ਓਹਨਾਂ ਕਿਹਾ ਕਿ ਪਾਣੀ ਦੀ ਘੱਟ ਲਾਗਤ ਵਾਲੀਆਂ ਫਸਲਾਂ ਦੀ ਕਾਸ਼ਤ ਨਾਲ ਨਾਲ ਪਾਣੀ ਲਗਾਉਣ ਦੇ ਉੱਨਤ ਢੰਗ ਵੀ ਅਪਣਾਏ ਜਾਣ।

ਡਾ. ਰਾਜਿੰਦਰ ਸਿੰਘ ਬੱਲ ਨੇ ਕਣਕ ਅਤੇ ਗੰਨੇ ਦੀ ਸਫਲ ਕਾਸ਼ਤ ਲਈ ਬੀਜ ਦੀ ਕਿਸਮਾਂ, ਬੀਜ਼ ਦੀ ਸੋਧ, ਬਿਜਾਈ ਦੇ ਢੰਗ ਤਰੀਕੇ ਅਤੇ ਨਦੀਨਨਾਸ਼ਕ ਜ਼ਹਿਰਾਂ ਦੀ ਵਰਤੋਂ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਸਮੱਸਿਆਂਵਾਂ ਲਈ ਮਾਹਿਰਾਂ ਦੀ ਸਲਾਹ ਲੈ ਕੇ ਨਦੀਨਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਨ ਲਈ ਕਿਹਾ। ਡਾ ਜਾਮਨੀ ਸ਼ਰਮਾ, ਸਬਜ਼ੀ ਵਿਗਿਆਨ ਨੇ ਕਿਸਾਨਾਂ ਨੂੰ ਬਾਸਮਤੀ, ਗੰਨੇ ਅਤੇ ਹੋਰ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਕਰਨ ਸਬੰਧੀ ਜਾਣਕਾਰੀ ਦਿੱਤੀ। ਓਹਨਾਂ ਨੇ ਕਿਸਾਨਾਂ ਨੂੰ ਸਬਜ਼ੀਆਂ ਦੀ ਘਰੇਲੂ ਬਗੀਚੀ ਲਗਾਉਣ ਲਈ ਪ੍ਰੇਰਿਤ ਕੀਤਾ। ਡਾ. ਜਗਦੀਸ਼ ਸਿੰਘ ਨੇ ਕਿਸਾਨ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਆਪਣੇ ਖੇਤਾਂ ਨੂੰ ਕੰਪਿਊਟਰ ਕੜਾਹੇ ਨਾਲ ਪੱਧਰਾ ਕਰਨ ਦੀ ਅਪੀਲ ਕੀਤੀ ਅਤੇ ਵਾਤਾਵਰਨ ਦੀ ਸੰਭਾਲ ਲਈ ਝੋਨੇ ਦੀ ਪਰਾਲੀ ਜਮੀਨ ਵਿੱਚ ਹੀ ਗਾਲਣ ਲਈ ਨਵੀ ਤਕਨੀਕਾਂ ਜਿਵੇਂ ਹੈਪੀ ਸੀਡਰ, ਸੁਪਰ ਸੀਡਰ ਅਤੇ ਪੀ.ਏ.ਯੂ. ਸਮਾਟ ਸੀਡਰ ਅਪਨਾਉਣ ਲਈ ਕਿਹਾ। ਇਹਨਾਂ ਤਕਨੀਕਾਂ ਨਾਲ ਦਰਪੇਸ਼ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਸਬੰਧੀ ਕਿਸਾਨਾਂ ਨਾਲ ਵਿਚਾਰ ਚਰਚਾ ਵੀ ਕੀਤੀ।

ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਦੇ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿਲੋਂ ਨੇ ਬਦਲਦੇ ਮੌਸਮ ਕਾਰਨ ਖੇਤੀਬਾੜੀ ਵਿਚ ਆਉਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਖੇਤਰੀ ਖੋਜ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਲਈ ਖਾਦਾਂ, ਨਦੀਨ-ਨਾਸ਼ਕਾਂ ਅਤੇ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ਤੇ ਜੋਰ ਦਿੱਤਾ। ਉਹਨਾਂ ਨੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਅਤੇ ਖੇਤੀ ਉਤਪਾਦ ਜਿਵੇਂ ਕਿ ਗੁੜ-ਸ਼ੱਕਰ, ਆਟਾ, ਬਿਸਕੁਟ, ਅਚਾਰ, ਮੁਰੱਬੇ ਆਦਿ ਬਣਾ ਕੇ ਵਧੇਰੇ ਆਮਦਨ ਪ੍ਰਾਪਤ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਅਗਾਹਵਧੂ ਕਿਸਾਨ ਸ੍ਰ ਗੁਰਮੁਖ ਸਿੰਘ ਰੰਗੀਲਪੁਰ ਅਤੇ ਸ੍ਰ  ਗੁਰਬਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨਾਲ ਖੇਤੀ ਤਜਰਬੇ ਸਾਂਝੇ ਕੀਤੇ।

ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਸਬਜ਼ੀਆਂ ਦੀ ਘਰੇਲੂ ਬਗੀਚੀ ਲਈ ਬੀਜ ਕਿੱਟਾਂ ਵੀ ਕਿਸਾਨਾਂ ਨੂੰ ਦਿੱਤੀਆਂ ਗਈਆਂ। ਕੈਂਪ ਵਿੱਚ ਪਹੁੰਚੇ ਕਿਸਾਨਾਂ ਵਿੱਚੋ ਸ੍ਰ ਬਲਵਿੰਦਰ ਸਿੰਘ ਸਰਪੰਚ ਪਿੰਡ ਡੱਲਾ ਗੋਰੀਆ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖ਼ੇਤਰੀ ਖੋਜ ਕੇਂਦਰ ਗੁਰਦਾਪੁਰ ਤੋਂ ਪਹੁੰਚੇ ਸਮੂਹ ਵਿਗਿਆਨੀਆ ਦਾ ਕਿਸਾਨਾਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।