11 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ, ਵੱਖੋ ਵੱਖ ਕੇਸਾਂ ਲਈ ਪ੍ਰੀ-ਲੋਕ ਅਦਾਲਤਾਂ ਵੀ ਲਾਈਆਂ ਜਾਣਗੀਆਂ
ਬਰਨਾਲਾ, 16 ਜੁਲਾਈ 2021
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਤਿਮਾਹੀ ਮੀਟਿੰਗ ਸ੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀ ਵਰਿੰਦਰ ਅੱਗਰਵਾਲ ਨੇ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਬੀਤੀ ਤਿਮਾਹੀ ਦੌਰਾਨ 44 ਲੋੜਵੰਦ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮ ਅਧੀਨ ਅਦਾਲਤੀ ਕੇਸਾਂ ਦੀ ਪੈਰਵਾਈ ਕਰਨ ਲਈ ਵਕੀਲ ਮੁਹੱਈਆ ਕਰਵਾਏ ਗਏ। ਉਨਾਂ ਨੇ ਪੰਜਾਬ ਦਿਵਿਆਂਗਜਨ ਸ਼ਕਤੀਕਰਨ ਯੋਜਨਾ 2021 ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕੀਤਾ ਜਾਵੇ।
ਉਨਾਂ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨਾਂ ਫੌਜਦਾਰੀ ਕੇਸਾਂ ਵਿੱਚ ਮੁਲਜ਼ਮ ਨੂੰ ਪੁਲਿਸ ਵੱਲੋਂ ਦਫਾ 41-ਏ ਸੀ.ਆਰ.ਪੀ.ਸੀ. ਤਹਿਤ ਨੋਟਿਸ ਭੇਜਿਆ ਜਾਂਦਾ ਹੈ, ਉਸ ਨੋਟਿਸ ਵਿੱਚ ਉਨਾਂ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਦੁਆਰਾ ਦਿੱਤੀ ਜਾਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾਵੇ ਤਾਂ ਜੋ ਲੋੜਵੰਦ ਵਿਅਕਤੀ ਕਾਨੂੰਨੀ ਸਹਾਇਤਾ ਲਈ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੇ ਦਫ਼ਤਰ ਨੂੰ ਸੰਪਰਕ ਕਰ ਸਕੇ।
ਕੌਮੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ 11 ਸਤੰਬਰ 2021 ਨੂੰ ਜ਼ਿਲਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਲਾਈ ਜਾਵੇਗੀ, ਜਿਸ ਵਿੱਚ ਪ੍ਰੀ ਲੀਟੀਗੇਟਿਵ ਅਤੇ ਪੈਂਡਿੰਗ ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਸਮਝੌਤਾ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ 138 ਐੱਨ.ਆਈ.ਐਕਟ (ਚੈੱਕ ਬਾਊਂਸ ਕੇਸਾਂ ਅਤੇ ਅਪੀਲਾਂ) ਲਈ ਮਿਤੀ 04.08.2021 ਅਤੇ 18.08.2021, ਕਿ੍ਰਮੀਨਲ ਕੰਪਾਊਂਡੇਬਲ ਕੇਸਾਂ ਅਤੇ ਮੋਟਰ ਐਕਸੀਡੈਂਟ ਕੇਸਾਂ ਲਈ ਮਿਤੀ 06.08.2021 ਅਤੇ 27.08.2021, ਸਿਵਲ ਕੇਸਾਂ ਲਈ ਮਿਤੀ 18.08.2021, ਬਿਜਲੀ ਚੌਰੀ ਸਬੰਧੀ ਕੇਸਾਂ ਲਈ ਹਰੇਕ ਸੋਮਵਾਰ, ਲੈਂਡ ਐਕੁਜੇਸ਼ਨ ਕੇਸਾਂ ਅਤੇ ਸਿਵਲ ਅਪੀਲਾਂ ਲਈ ਰੋਜ਼ਾਨਾ, ਪਰਿਵਾਰਿਕ ਝਗੜਿਆਂ ਲਈ ਮਿਤੀ 06.08.2021, 27.08.2021 ਅਤੇ ਮਿਤੀ 03.09.2021 ਨੂੰ ਪ੍ਰੀ-ਲੋਕ ਅਦਾਲਤਾਂ ਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾਂ ਪ੍ਰੀ-ਲਿਟੀਗੇਟਿਵ ਕੇਸ ਮਿਤੀ 30.07.2021 ਤੱਕ ਲਏ ਜਾਣੇ ਹਨ ਤਾਂ ਜੋ ਕੌਮੀ ਲੋਕ ਅਦਾਲਤ ਵਿੱਚ ਇਨਾਂ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਮੀਟਿੰਗ ਵਿੱਚ ਮਾਣਯੋਗ ਵਧੀਕ ਜ਼ਿਲਾ ਅਤੇ ਸੈਸ਼ਨਜ਼ ਜੱਜ ਸ੍ਰੀ ਬਰਜਿੰਦਰਪਾਲ ਸਿੰਘ, ਅਸਿਸਟੈਂਟ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ, ਐੱਸ.ਪੀ. ਸ੍ਰੀ ਜਗਜੀਵਨ ਸਿੰਘ ਚੀਮਾ, ਡੀ.ਐੱਸ.ਪੀ. (ਡੀ) ਸ੍ਰੀ ਬਿ੍ਰਜ ਮੋਹਨ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀਮਤੀ ਸੁਚੇਤਾ ਅਸ਼ੀਸ ਦੇਵ, ਸਿਵਲ ਜੱਜ (ਸ.ਡ.)/ਇੰਚਾਰਜ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਵਨੀਤ ਨਾਰੰਗ, ਜ਼ਿਲਾ ਅਟਾਰਨੀ ਸ੍ਰੀ ਮੁਮਤਾਜ ਅਲੀ, ਮੈਂਬਰ ਸ੍ਰੀ ਰੁਪਿੰਦਰ ਸਿੰਘ, ਸ੍ਰੀ ਆਰ.ਸੀ.ਗਰਗ ਅਤੇ ਸ੍ਰੀਮਤੀ ਸ਼ਸੀ ਸੋਬਤ ਹਾਜ਼ਰ ਸਨ।

English





