ਗਰੁੱਪਾਂ ਮੈਂਬਰਾਂ ਵੱਲੋਂ ਤਿਆਰ ਕੀਤੇ ਜਾ ਰਹੇ ਹਨ ਮਾਸਕ
ਮਿਸ਼ਨ ਫਤਿਹ ਤਹਿਤ ਲੋੜਵੰਦਾਂ ਨੂੰ ਮੁਫਤ ਵੰਡੇ ਜਾ ਰਹੇ ਹਨ ਮਾਸਕ: ਡਿਪਟੀ ਕਮਿਸ਼ਨਰ
ਬਰਨਾਲਾ, 25 ਅਗਸਤ
ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਵਿਰੁੱਧ ਚਲਾਏ ‘ਮਿਸ਼ਨ ਫਤਿਹ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿਆਪਕ ਯਤਨ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ‘ਸੈਲਫ ਹੈਲਪ ਗਰੁੱਪਾਂ’ ਰਾਹੀਂ ਹਜ਼ਾਰਾਂ ਮਾਸਕ ਤਿਆਰ ਕਰਵਾਏ ਜਾ ਰਹੇ ਹਨ, ਜੋ ਲੋੜਵੰਦਾਂ ਨੂੰ ਮੁਫਤ ਵੰਡੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਤਹਿਤ ਜ਼ਿਲ੍ਹਾ ਬਰਨਾਲਾ ਵਿੱੱਚ ਕਰੋਨਾ ਵਾਇਰਸ ਵਿਰੁੱਧ ਯਤਨ ਜਾਰੀ ਹਨ। ਇਸ ਮੁਹਿੰਮ ਤਹਿਤ ਲੋੜਵੰਦਾਂ ਨੂੰ ਮੁਫਤ ਮਾਸਕ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਲਫ ਹੈਲਪ ਗਰੁੱਪਾਂ ਰਾਹੀਂ ਮਾਸਕ ਬਣਾਉਣ ਦੇ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਾਬਾ ਵਾਲਮੀਕਿ ਸੈਲਫ ਹੈਲਪ ਗਰੁੱਪ, ਗੁਰੂ ਰਾਮਦਾਸ ਸੈਲਫ ਹੈਲਪ ਗਰੁੱਪ, ਮਾਤਾ ਗੁਜਰੀ ਸੈਲਫ ਹੈਲਪ ਗਰੁੁੱਪ ਤੇ ਗੁਰੂ ਅੰਗਦ ਦੇਵ ਜੀ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਾਂ ਵੱਲੋਂ ਮੁੜ ਵਰਤੋਂ ਯੋਗ ਮਾਸਕ ਬਣਾਏ ਜਾ ਰਹੇ ਹਨ। ਮਿਸ਼ਨ ਫਤਿਹ ਦੇ ਲੋਗੋ ਵਾਲੇ ਇਹ 1500 ਮਾਸਕ ਤਿਆਰ ਕੀਤੇ ਜਾ ਚੁੱਕੇ ਹਨ, ਜਦੋਂਕਿ 3500 ਮਾਸਕ ਹੋਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱੱਸਿਆ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਹਜ਼ਾਰਾਂ ਹੋਰ ਮਾਸਕ ਤਿਆਰ ਕਰਵਾਏ ਜਾਣਗੇ ਤਾਂ ਜੋ ਕੋਈ ਕਰੋਨਾ ਵਾਇਰਸ ਵਿਰੁੱੱਧ ਲੋੜੀਂਦੀਆਂ ਸਾਵਧਾਨੀਆਂ ਵਰਤਣ ਤੋਂ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 14000 ਮਾਸਕ ਯੁਵਕ ਸੇਵਾਵਾਂ ਵਿਭਾਗ ਨੂੰ ਸੌਂਪੇ ਜਾ ਚੁੱਕੇ ਹਨ, ਜੋ ਉਨ੍ਹਾਂ ਵੱਲੋਂ ਜ਼ਿਲ੍ਹੇ ਵਿਚ ਵੰਡੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਹਰ ਜ਼ਿਲ੍ਹਾ ਵਾਸੀ ਕਰੋਨਾ ਤੋਂ ਬਚਾਅ ਲਈ ਆਪਣਾ ਫਰਜ਼ ਨਿਭਾਵੇ ਅਤੇ ਮਾਸਕ ਪਾਉਣ, ਹੱਥ ਧੋਣ ਤੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖੇ ਤਾਂ ਜੋ ਅਸੀਂ ਕਰੋਨਾ ਖਿਲਾਫ ਮਿਸ਼ਨ ਫਤਿਹ ਕਰ ਸਕੀਏ।

English






