ਡਿਪਟੀ ਕਮਿਸ਼ਨਰ ਵੱਲੋਂ ਪਿੰਡ ਜੋਧਪੁਰ, ਚੀਮਾ ਤੇ ਪੱਖੋਕੇ ਦਾ ਦੌਰਾ
ਸਹਿਣਾ/ਬਰਨਾਲਾ, 7 ਅਗਸਤ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਕੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਅਧੀਨ ਚੱਲ ਰਹੇ ਅਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਜੋਧਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਏਡੀਸੀ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਨਾਲੀਆਂ ’ਤੇ ਕਰੀਬ 6 ਲੱਖ ਰੁਪਏ ਖਰਚੇ ਗਏ ਹਨ। 5 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਮਰੇ ਦੀ ਉਸਾਰੀ ਕਰਵਾਈ ਗਈ ਹੈ। 3 ਲੱਖ ਰੁਪਏ ਲਾਗਤ ਨਾਲ ਪਿੰਡ ਦੀਆਂ 2 ਧਰਮਸ਼ਾਲਾਵਾਂ ਦੀ ਮੁਰੰਮਤ ਕਰਵਾਈ ਗਈ ਹੈ। ਪਿੰਡ ਦੀਆਂ ਦੋ ਹੋਰ ਧਰਮਸ਼ਾਲਾਵਾਂ ਵਿਚ 6 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰੇ ਉਸਾਰੇ ਗਏ ਹਨ। ਇਸ ਤੋਂ ਇਲਾਵਾ ਮਗਨਰੇਗਾ ਤਹਿਤ ਪਲਾਂਟੇਸ਼ਨ ਕਰਵਾਈ ਗਈ ਹੈ ਤੇ ਛੱਪੜ ਦਾ ਨਵੀਨੀਕਰਨ ਕੀਤਾ ਗਿਆ ਹੈ।
ਇਸ ਮੌਕੇ ਡੀਡੀਪੀਓ ਸੰਜੀਵ ਸ਼ਰਮਾ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਾਜੈਕਟ ’ਤੇ ਪੰਜ ਲੱਖ ਰੁਪਏ ਖਰਚੇ ਗਏ ਹਨ। ਇਸ ਤੋਂ ਇਲਾਵਾ 25 ਸੋਲਰ ਲਾਈਟਾਂ ਲਵਾਈਆਂ ਜਾਣੀਆਂ ਹਨ, ਪੁਰਾਣੀਆਂ ਗਲੀਆਂ ਪੁੱਟ ਕੇ ਇੰਟਰਲਾਕ ਟਾਈਲਾਂ, ਪਲਾਂਟੇਸ਼ਨ ਤੇ ਸੀਚੇਵਾਲ ਮਾਡਲ ਅਧੀਨ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਵਿਭਾਗ ਅਧੀਨ ਬਣਾਈ ਜਾ ਰਹੀ ਡਾਇਟ ਇਮਾਰਤ ਦੀ ਉਸਾਰੀ ਦੇ ਕੰਮ ਦਾ ਵੀ ਜਾਇਜ਼ਾ ਲਿਆ।
ਪਿੰਡ ਪੱਖੋਕੇ ਦੇ ਦੌਰੇ ਮੌਕੇ ਡਿਪਟੀ ਕਮਿਸ਼ਨਰ ਵੱਲੋਂ 5 ਲੱਖ ਦੀ ਰਾਸ਼ੀ ਨਾਲ ਬਣਾਈ ਜਾ ਰਹੀ ਸਿਵਲ ਡਿਸਪੈਂਸਰੀ, ਪਲਾਟੇਸ਼ਨ ਤੇ ਰੂਫ ਟੌਪ ਰੇਨ ਵਾਟਰ ਹਾਰਵੈਸਟਿੰਗ ਦਾ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ, ਬੀਡੀਪੀਓ ਸ਼ਹਿਣਾ, ਬਰਨਾਲਾ, ਮਨਦੀਪ ਮਗਨਰੇਗਾ, ਜੇਈ ਚੰਚਲ ਤੇ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ।

English






