
ਰੂਪਨਗਰ, 11 ਜਨਵਰੀ 2024
ਰੂਪਨਗਰ ਸ਼ਹਿਰ ਦੀ ਸਾਫ-ਸਫਾਈ ਦੀ ਵਿਵਸਥਾ ਵਿਚ ਸੁਧਾਰ ਕਰਨ ਲਈ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਕੀਤੇ ਉਪਰਾਲਿਆਂ ਸਦਕਾ ਹੋਰ 52 ਲੱਖ ਰੁਪਏ ਦੀ ਗ੍ਰਾਂਟ ਨੂੰ ਮਨਜੂਰੀ ਮਿਲੀ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਅਨੇਕਾਂ ਵਿਕਾਸ ਕਾਰਜ ਕਰਵਾ ਕਰ ਲੋਕਾਂ ਨੂੰ ਸਹੂਲਤ ਦੇ ਰਹੀ ਹੈ, ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਸਬੰਧੀ ਲਗਾਤਾਰ ਯਤਨਸ਼ੀਲ ਹੈ।
ਐਡਵੋਕੇਟ ਚੱਢਾ ਨੇ ਕਿਹਾ ਕਿ ਵਿੱਚ ਇਸ ਗ੍ਰਾਂਟ ਨਾਲ ਹੋਰ ਲੋੜੀਂਦੀ ਮਸ਼ੀਨਰੀ ਖਰੀਦੀ ਜਾਵੇਗੀ ਜਿਸ ਨਾਲ ਸਹਿਰ ਦੀ ਸਫਾਈ ਵਿਵਸਥਾ ਵਿਚ ਤੇਜ਼ੀ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਫਾਈ ਵਿਵਸਥਾ ਨੂੰ ਬਿਹਤਰ ਕਰਨ ਲਈ ਸਰਕਾਰ ਨੇ ਪਹਿਲਾਂ ਵੀ 1.50 ਕਰੋੜ ਦੀ ਗ੍ਰਾਂਟ ਦਿੱਤੀ ਸੀ ਜੋ ਕਿ ਹੁਣ ਤੱਕ ਕੁੱਲ 2 ਕਰੋੜ ਦੀ ਰਕਮ ਰੌਪੜ ਸ਼ਹਿਰ ਨੂੰ ਮਿਲ ਚੁੱਕੀ ਹੈ।
ਹਲਕਾ ਵਿਧਾਇਕ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਉਤੇ ਕਦਮ ਚੁੱਕੇ ਗਏ ਹਨ ਜਿਸ ਵਿਚ ਫਾਇਰ ਬ੍ਰਗੇਡ ਲਈ ਆਧੁਨਿਕ ਮਸ਼ੀਨਰੀ ਉਪਲਬਧ ਕਰਵਾਉਣਾ, ਗਿਆਨੀ ਜੈਲ ਸਿੰਘ ਨਗਰ ਤੇ ਗਾਂਧੀ ਸਕੂਲ ਦੇ ਨੇੜਲੇ ਇਲਾਕਿਆਂ ਵਿਚ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ, ਪੀਣ ਵਾਲੇ ਪਾਣੀ ਦੇ ਟਿਊਬਵੈੱਲ, ਬਾਈਪਾਸ ਦੇ ਚੌਂਕਾਂ ਦੀ ਸੁੰਦਰੀਕਰਨ ਦਾ ਕੰਮ, ਰੋਪੜ ਬਾਈਪਾਸ ਉਤੇ ਡਰੇਨ ਦਾ ਨਿਰਮਾਣ, ਰੋਪੜ ਦੇ ਆਧੁਨਿਕ ਬੱਸ ਸਟੈਂਡ ਦੇ ਲਈ ਗ੍ਰਾਂਟਾਂ, ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ, ਸਾਲਾਂ ਤੋਂ ਬੰਦ ਪਏ ਸਵੀਮਿੰਗ ਪੁਲ ਦੀ ਸ਼ੁਰੂਆਤ, ਰੋਇੰਗ ਅਕੈਡਮੀ ਨੂੰ ਮੁੜ ਬਹਾਲ, ਸਰਕਾਰੀ ਹਸਪਤਾਲ ਦੇ ਨਵੀਨੀਕਰਨ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਿਸ਼ਾਨੀ ਵਜੋਂ ਜ਼ਮੀਨ ਦੀ ਨਿਸ਼ਾਨ ਦੇਹੀ ਕਰਵਾ ਕੇ ਬਾਹਰ ਤੋਂ ਰਾਹ ਕੱਢਣਾ, ਡਰਾਇਵਿੰਗ ਸਕੂਲ, ਫਾਰਮੇਸੀ ਕਾਲਜ ਦੀ ਸ਼ੁਰੂਆਤ, ਪੋਲੀਟੈਕਨੀਕਲ ਸਰਕਾਰੀ ਕਾਲਜ ਕਈ ਸਾਲਾਂ ਬਾਅਦ ਮੁੜ ਸ਼ੁਰੂਆਤ ਅਤੇ ਸਰਕਾਰੀ ਕਾਲਜ ਰੋਪੜ ਨੂੰ 1.65 ਕਰੋੜ ਰੁਪਏ ਦੀ ਗ੍ਰਾਂਟ ਸ਼ਾਮਿਲ ਹਨ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਾਤਾਵਰਣ ਨੂੰ ਸਾਫ-ਸੁੱਥਰਾ ਰੱਖਣ ਲਈ ਉਹ ਵੀ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਗਿੱਲਾ ਅਤੇ ਸੁੱਕੇ ਕੁੜੇ ਨੂੰ ਅਲੱਗ-ਅਲੱਗ ਕਰਕੇ ਹੀ ਸੁੱਟਣ ਤਾਂ ਜੋ ਇਨ੍ਹਾਂ ਦੀ ਅੱਗੇ ਖਾਦ ਬਣਾਉਣ ਲਈ ਸਚੁੱਜੇ ਢੰਗ ਨਾਲ ਵਰਤੋਂ ਕੀਤੀ ਜਾ ਸਕੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਨੂੰ ਹਰ ਮੁਢਲੀਆਂ ਸਹੂਲਤਾਂ ਦੇਣ ਲਈ ਇਸ ਤਰ੍ਹਾਂ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ।

English





