ਸੰਸਦ ਮੈਂਬਰ ਮਲਵਿੰਦਰ ਕੰਗ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਰੋਜ਼ਾਨਾ ਮਿਡ ਏ ਮੀਲ ਖਾਣ ਦੀ ਦਿੱਤੀ ਹਦਾਇਤ

S. Malvinder Singh Kang
ਸੰਸਦ ਮੈਂਬਰ ਮਲਵਿੰਦਰ ਕੰਗ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਰੋਜ਼ਾਨਾ ਮਿਡ ਏ ਮੀਲ ਖਾਣ ਦੀ ਦਿੱਤੀ ਹਦਾਇਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਟੋਬਿਆਂ ਦੇ ਪਾਣੀ ਦੀ ਵਰਤੋਂ ਸੰਚਾਈ ਲਈ ਕਰਨਾ ਲਾਜ਼ਮੀ
ਜ਼ਿਲ੍ਹਾ ਰੂਪਨਗਰ ‘ਚ ਪਿੰਡਾਂ ਲਈ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਲਗਾਏ ਜਾਣਗੇ
ਰੂਪਨਗਰ, 23 ਸਤੰਬਰ 2024
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ ਮੀਟਿੰਗ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਪੌਂਸਰਡ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਮਿਡ ਏ ਮੀਲ ਖਾਣ ਦੇ ਨਿਰਦੇਸ਼ ਦਿੱਤੇ।
ਸ. ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਖਾਸ ਤੌਰ ਉਤੇ ਸਿੱਖਿਆ ਅਤੇ ਸਿਹਤ ਦੇ ਖੇਤਰ ਉਤੇ ਧਿਆਨ ਦੇ ਰਹੀ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਵਿਆਪਕ ਪੱਧਰ ਉਤੇ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਲੋੜਵੰਦ ਮਰੀਜਾਂ ਨੂੰ ਮੁਕੰਮਲ ਤੌਰ ਉਤੇ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਸੰਸਦ ਮੈਂਬਰ ਨੇ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਉਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਅਸੀਂ ਇਸ ਵੱਡਮੁੱਲੇ ਪਾਣੀ ਦੇ ਸਰੋਤ ਨੂੰ  ਬਚਾਉਣ ਹੈ ਤਾਂ ਟੋਬਿਆਂ ਦੇ ਪਾਣੀ ਦੀ ਵਰਤੋਂ ਸੰਚਾਈ ਲਈ ਕਰਨਾ ਲਾਜ਼ਮੀ ਹੈ। ਜਿਸ ਲਈ 43 ਪਿੰਡਾਂ ਵਿਚ ਥਾਪਰ ਮਾਡਲ ਅਨੁਸਾਰ ਪਾਣੀ ਸਾਫ ਕਰਕੇ ਸੰਚਾਈ ਲਈ ਵਰਤਿਆਂ ਜਾਵੇਗਾ। ਜਦ ਕਿ ਕਈ ਪਿੰਡਾਂ ਵਿਚ ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਉਨ੍ਹਾਂ ਥਾਪਰ ਮਾਡਲ ਦੇ ਪ੍ਰਵਾਨ ਹੋਏ 508 ਪਿੰਡਾਂ ਵਿਚ ਜਲਦ ਕੰਮ ਸ਼ੁਰੂ ਕਰਨ ਲਈ ਕਿਹਾ।ਪਲਾਸਟਿਕ ਦੀ ਸਮੱਸਿਆ ਦੇ ਹੱਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਸਰਥਲੀ ਬਲਾਕ ਨੂਰਪੁਰ ਬੇਦੀ ਅਤੇ ਅਗੰਮਪੁਰ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਲਾਟਿਕ ਕੂੜਾ ਪ੍ਰਬੰਧਨ ਯੂਨਿਟ ਸਥਾਪਿਤ ਕਰਨ ਲਈ ਕੰਮ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ ਬਲਾਕ ਹੋਰ ਬਾਲਾਕਾਂ ਵਿਚ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਪਲਾਸਟਿਕ ਨਾਲ ਫੈਲਣ ਵਾਲੇ ਪ੍ਰਦੂਸ਼ਣ ਨੂੰ ਵਿਗਿਆਨਿਕ ਢੰਗ ਨਾਲ ਨੇਪਰੇ ਚਾੜਿਆ ਜਾਵੇ।
ਉਨ੍ਹਾਂ ਸਿਹਤ ਵਿਭਾਗ ਨੂੰ ਸਾਰੇ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਖੇ ਖਾਲੀ ਪੋਸਟਾਂ ਬੁਨਿਆਦੀ ਲੋੜਾਂ ਅਤੇ ਮਸ਼ੀਨਰੀ ਆਦਿ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਹੋਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਮੀਟਿੰਗ ਦੀ ਅਗਵਾਈ ਕਰਦਿਆਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਲਈ ਪ੍ਰਾਪਤ ਹੋਣ ਵਾਲੀਆਂ ਗ੍ਰਾਂਟਾਂ ਗਰੀਬ ਤੇ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਹਰੇਕ ਪਿੰਡ ਅਤੇ ਸ਼ਹਿਰ ਪੱਧਰ ‘ਤੇ ਐੱਮਸੀ ਅਤੇ ਸਰਪੰਚਾਂ ਨਾਲ ਵੀ ਤਾਲਮੇਲ ਕਰਕੇ ਯੋਗ ਲਾਭਪਤਾਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਸਕਦਾ ਹੈ।
ਮੈਂਬਰ ਲੋਕ ਸਭਾ ਨੇ ਮਗਨਰੇਗਾ ਤਹਿਤ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ, ਦੀਨ ਦਿਆਲ ਅਨਤੋਦਿਆ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਮਿਸ਼ਨ, ਸਵੱਛ ਭਾਰਤ ਮਿਸ਼ਨ ਗ੍ਰਾਮੀਣ, ਜਲ ਜੀਵਨ ਮਿਸ਼ਨ, ਪੀਐੱਮਕੇਐੱਸਵਾਈ, ਮਿਡ ਡੇਅ ਮੀਲ ਸਕੀਮ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ, ਸਮੱਗਰਾ ਸਿੱਖਿਆ ਅਭਿਆਨ, ਐੱਮਪੀ ਲੈਂਡ ਸਕੀਮ ਆਦਿ ਦੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ।
ਸ. ਮਲਵਿੰਦਰ ਸਿੰਘ ਕੰਗ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਾਲੇ ਵੀ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਵਿਕਾਸ ਸਕੀਮਾਂ ਦਾ ਹਰ ਇਕ ਨਾਗਰਿਕ ਅਤੇ ਲੋੜਵੰਦ ਨੂੰ ਲਾਭ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ, ਜਿਲ੍ਹਾ ਯੋਜਨਾ ਕਮੇਟੀ ਰੂਪਨਗਰ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ, ਐੱਸ.ਪੀ ਨਵਨੀਤ ਸਿੰਘ ਮਾਹਲ, ਐੱਸ ਡੀ ਐੱਮ ਰੂਪਨਗਰ ਗੁਰਵਿੰਦਰ ਸਿੰਘ ਜੌਹਲ, ਐੱਸ ਡੀ ਐਮ ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐੱਸ ਡੀ ਐਮ ਮੋਰਿੰਡਾ ਸੁਖਪਾਲ ਸਿੰਘ, ਐੱਸ ਡੀ ਐਮ ਨੰਗਲ ਅਨਮਜੋਤ ਕੌਰ,ਐੱਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ ਸੇਖੋਂ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਆਮ ਆਦਮੀ ਪਾਰਟੀ ਤੋਂ ਭਾਗ ਸਿੰਘ ਮੈਦਾਨ, ਚੈਅਰਮੈਨ ਰਾਮ ਕੁਮਾਰ ਮੁਕਾਰੀ, ਅਰਥ ਤੇ ਅੰਕੜਾ ਸਲਾਹਕਾਰ ਹਰਮੇਸ ਕੁਮਾਰ, ਸਿਵਲ ਸਰਜਨ ਡਾ. ਤਰਸੇਮ ਸਿੰਘ, ਜ਼ਿਲ੍ਹੇ ਦੇ ਸਮੂਹ ਕਾਰਜਸਾਧਕ ਅਫ਼ਸਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸਮੇਤ ਸਮੂਹ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।