ਰੂਪਨਗਰ, 11 ਜਨਵਰੀ 2024
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬੋਰਡ ਚੋਣਾਂ-2024 ਸਬੰਧੀ ਹਲਕਾ 117 ਰੂਪਨਗਰ ਦੇ ਅੰਬੇਡਕਰ ਭਵਨ, ਸਰਕਾਰੀ ਕਾਲਜ ਰੂਪਨਗਰ ਅਤੇ ਮਾਡਲ ਮਿਡਲ ਸਕੂਲ ਪਿਆਰਾ ਸਿੰਘ ਕਲੌਨੀ ਰੂਪਨਗਰ ਵਿਖੇ ਬਣਾਏ ਗਏ ਪੌਲਿੰਗ ਸਟੇਸ਼ਨਾਂ ਦਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਮੁਲਾਜ਼ਮ, ਸਬੰਧਿਤ ਸੁਪਰਵਾਈਜ਼ਰ ਅਤੇ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵੋਟਰ ਰਜਿਸਟ੍ਰੇਸ਼ਨ ਲਈ ਸ਼ਹਿਰੀ ਇਲਾਕੇ ਵਿਚ ਪੈਂਦੇ ਵਾਰਡਾਂ ਦੀ ਵੋਟਾਂ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕੇਸਾਧਾਰੀ ਵੋਟਰਾਂ ਦੀ ਵੋਟਰ ਰਜਿਸਟ੍ਰੇਸ਼ਨ 29 ਫਰਵਰੀ ਤੱਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਆਪਣੇ ਵੋਟ ਦੇ ਹੱਕ ਤੋਂ ਵਾਂਝਾ ਨਾ ਰਹੇ, ਇਸ ਲਈ ਜਿਹੜੇ ਅਧਿਕਾਰੀ/ਕਰਮਚਾਰੀ ਵੋਟਰ ਸੂਚੀਆਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ, ਉਹ ਪੂਰੀ ਮਿਹਨਤ,ਲਗਨ ਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਐਸ.ਜੀ.ਪੀ.ਸੀ ਚੋਣ ਪ੍ਰਕਿਰਿਆ ਸਬੰਧੀ ਵੋਟਰ ਸੂਚੀਆਂ ਦੀ ਤਿਆਰੀ ਤੇ ਛਪਾਈ ਦਾ ਕੰਮ 1 ਮਾਰਚ 2024 ਤੋਂ 20 ਮਾਰਚ 2024 ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 21 ਮਾਰਚ 2024 ਨੂੰ ਮੁੱਢਲੀ ਈ.ਰੋਲ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ 11 ਅਪ੍ਰੈਲ 2024 ਤੱਕ ਦਾਅਵੇ ਅਤੇ ਇਤਰਾਜ਼ ਜਮ੍ਹਾ ਕਰਵਾਏ ਜਾ ਸਕਦੇ ਹਨ ਇਸ ਤੋਂ ਬਾਅਦ 3 ਮਈ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।
ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਵੋਟਰ ਰਜਿਸਟ੍ਰੇਸ਼ਨ ਦੌਰਾਨ ਨਿਯਮਾਂ ਤੇ ਸ਼ਰਤਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪਟਵਾਰੀ ਆਪਣੀ ਡਿਊਟੀ ਪੂਰੇ ਧਿਆਨ ਨਾਲ ਕਰਨ ਤਾਂ ਕਿ ਸਾਫ ਸੁਥਰੇ ਢੰਗ ਨਾਲ ਇਹ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।
ਇਸ ਮੌਕੇ ਸੁਪਰਵਾਈਜ਼ਰ ਪਰਮਿੰਦਰ ਸਿੰਘ, ਚੋਣ ਕਾਨੂੰਗੋ ਅਮਨਦੀਪ ਸਿੰਘ, ਸ੍ਰੀਮਤੀ ਨੀਨਾ ਰਾਣੀ, ਮਿਸ. ਸ਼ਿਲਪਾ, ਗੁਰਸ਼ਰਨ ਸਿੰਘ, ਕਿਰਨਦੀਪ ਸਿੰਘ ਅਤੇ ਸਬੰਧਿਤ ਪੋਲਿੰਗ ਸਟੇਸ਼ਨਾਂ ਦੇ ਬੂਥ ਲੈਵਲ ਅਫਸਰ ਹਾਜ਼ਰ ਸਨ।

English






