ਪਿੰਡਾਂ ਨੂੰ ਕੋਵਿਡ ਮੁਕਤ ਕਰਨ ਲਈ ਵੱਡੀ ਪੱਧਰ ’ਤੇ ਚਲਾਈ ਜਾਵੇਗੀ ਮੁਹਿੰਮ-ਡਾ. ਸ਼ੇਨਾ ਅਗਰਵਾਲ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

*‘ਕੋਰੋਨਾ ਮੁਕਤ ਪਿੰਡ ਅਭਿਆਨ’ ਤਹਿਤ ਜ਼ਿਲੇ ਵਿਚ 53 ਥਾਵਾਂ ’ਤੇ ਹੋਏ ਵਰਚੂਅਲ ਪ੍ਰੋਗਰਾਮ
ਨਵਾਂਸ਼ਹਿਰ, 18 ਮਈ, 2021 :
  ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ਗਏ ਕੋਰੋਨਾ ਮੁਕਤ ਪਿੰਡ ਅਭਿਆਨ ਤਹਿਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਮੂਹ ਪਿੰਡਾਂ ਦੇ ਪੰਚਾਂ-ਸਰਪੰਚਾਂ, ਮੋਹਤਬਰਾਂ ਅਤੇ ਆਮ ਲੋਕਾਂ ਨਾਲ ਆਨਲਾਈਨ ਜੁੜਦਿਆਂ ਉਨਾਂ ਨੂੰ ਆਪਣੇ ਪਿੰਡਾਂ ਨੂੰ ਕੋਵਿਡ ਮੁਕਤ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਸੂਬੇ ਭਰ ਵਿਚ 4 ਹਜ਼ਾਰ ਦੇ ਕਰੀਬ ਵਰਚੂਅਲ ਪ੍ਰੋਗਰਾਮ ਕਰਵਾਏ ਗਏ, ਜਿਨਾਂ ਵਿਚ 20 ਹਜ਼ਾਰ ਦੇ ਕਰੀਬ ਲੋਕਾਂ ਨੇ ਆਨਲਾਈਨ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਮੋਬਾਈਲਾਂ ’ਤੇ ਸੋਸ਼ਲ ਮੀਡੀਆ ਰਾਹੀਂ ਇਸ ਪ੍ਰੋਗਰਾਮ ਨਾਲ ਜੁੜਦਿਆਂ ਮੁੱਖ ਮੰਤਰੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਡਾ. ਤਲਵਾੜ ਅਤੇ ਹੋਰਨਾਂ ਅਧਿਕਾਰੀਆਂ ਦੇ ਵਿਚਾਰ ਸੁਣੇ ਅਤੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਿਆਂ ਆਪਣੇ ਪਿੰਡਾਂ ਨੂੰ ਕੋਵਿਡ ਮੁਕਤ ਕਰਨ ਦਾ ਅਹਿਦ ਲਿਆ ਗਿਆ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਨਾਲ ਆਨਲਾਈਨ ਜੁੜਨ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ਿਲੇ ਦੇ ਪਿੰਡਾਂ ਨੂੰ ਕੋਵਿਡ ਮੁਕਤ ਕਰਨ ਲਈ ਪਿੰਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਸਾਰੇ ਭਾਈਚਾਰਿਆਂ ਨੂੰ ਲਾਮਬੰਦ ਕਰ ਕੇ ਵੱਡੀ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪਿੰਡਾਂ ਵਿਚਲੇ ਹੈਲਥ ਤੇ ਵੈੱਲਨੈਸ ਸੈਂਟਰਾਂ ਨੂੰ ਕੇਂਦਰ ਬਣਾ ਕੇ ਇਸ ਪ੍ਰੋਗਰਾਮ ਵਿਚ ਤੇਜ਼ੀ ਲਿਆਂਦੀ ਜਾਵੇਗੀ, ਜਿਸ ਲਈ ਸਿਹਤ, ਪੇਂਡੂ ਵਿਕਾਸ ਤੇ ਪੰਚਾਇਤ, ਸਿੱਖਿਆ, ਪੁਲਿਸ ਵਿਭਾਗ ਤੋਂ ਇਲਾਵਾ ਜੀ. ਓ. ਜੀਜ਼, ਆਂਗਣਵਾੜੀ ਤੇ ਆਸ਼ਾ ਵਰਕਰਾਂ, ਐਨ. ਜੀ. ਓਜ਼ ਅਤੇ ਯੂਥ ਵਲੰਟੀਅਰਾਂ ਦਾ ਸਹਿਯੋਗ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਪੇਂਡੂ ਖੇਤਰਾਂ ਵਿਚ ਢੁਕਵੀਂ ਟੈਸਟਿੰਗ ਅਤੇ ਟੀਕਾਕਰਨ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੰਘ-ਬੁਖਾਰ ਆਦਿ ਲੱਛਣਾਂ ਨੂੰ ਹਲਕੇ ਵਿਚ ਨਾ ਲੈਣ ਅਤੇ ਅਜਿਹੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਸੈਂਪਲਿੰਗ ਕਰਵਾਉਣ ਤਾਂ ਜੋ ਘਰਾਂ ਵਿਚ ਰਹਿ ਕੇ ‘ਫ਼ਤਿਹ ਕਿੱਟ’ ਰਾਹੀਂ ਉਨਾਂ ਦਾ ਸਹੀ ਸਮੇਂ ’ਤੇ ਇਸ ਦਾ ਇਲਾਜ ਹੋ ਸਕੇ।
ਇਸ ਪ੍ਰੋਗਰਾਮ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ 53 ਥਾਵਾਂ ’ਤੇ ਵਰਚੂਅਲ ਪ੍ਰੋਗਰਾਮ ਕਰਵਾਏ ਗਏ, ਜਿਨਾਂ ਵਿਚ ਜ਼ਿਲਾ ਹੈੱਡਕੁਆਰਟਰ ਅਤੇ ਸਮੂਹ ਬੀ. ਡੀ. ਪੀ. ਓ ਦਫ਼ਤਰਾਂ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ 47 ਪਿੰਡ ਸ਼ਾਮਲ ਸਨ, ਜਿਨਾਂ ਵਿਚ ਔੜ ਬਲਾਕ ਦੇ 9, ਬੰਗਾ ਦੇ 11, ਬਲਾਚੌਰ ਤੇ ਨਵਾਂਸ਼ਹਿਰ ਦੇ 10-10 ਅਤੇ ਸੜੋਆ ਦੇ 7 ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਪ੍ਰੋਗਰਾਮ ਕਰਵਾਏ ਗਏ। ਇਨਾਂ ਪ੍ਰੋਗਰਾਮਾਂ ਵਿਚ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਪਿੰਡਾਂ ਦੇ ਹੋਰਨਾਂ ਮੋਹਤਬਰਾਂ ਨੇ ਆਨਲਾਈਨ ਸ਼ਿਰਕਤ ਕੀਤੀ। ਵੱਖ-ਵੱਖ ਬਲਾਕਾਂ ਦੇ ਜਿਨਾਂ ਪਿੰਡਾਂ ਵਿਚ ਵਰਚੂਅਲ ਪ੍ਰੋਗਰਾਮ ਕਰਵਾਏ ਗਏ, ਉਨਾਂ ਵਿਚ ਔੜ ਬਲਾਕ ਦੇ ਪਿੰਡ ਸਾਹਲੋਂ, ਮੁਕੰਦਪੁਰ, ਭਾਰਟਾ ਕਲਾਂ, ਹਰੀਆਂ, ਉੜਾਪੜ, ਬਜ਼ੀਦਪੁਰ, ਲੜੋਆ, ਜਗਤਪੁਰ ਅਤੇ ਔੜ, ਬੰਗਾ ਬਲਾਕ ਦੇ ਕਰਨਾਣਾ, ਮੂਸਾਪੁਰ, ਖੋਤੜਾ, ਗੋਬਿੰਦਪੁਰ, ਮੱਲੂਪੋਤਾ, ਚੱਕ ਬਿਲਗਾ, ਜੱਸੋ ਮਜਾਰਾ, ਮੇਹਲੀ, ਖਾਨਖਾਨਾ, ਸਹੂੰਗੜਾ ਤੇ ਫਰਾਲਾ, ਬਲਾਚੌਰ ਬਲਾਕ ਦੇ ਥੋਪੀਆ, ਰੱਤੇਵਾਲ, ਪਨਿਆਲੀ ਕਲਾਂ, ਸਿੰਬਲ ਮਾਜਰਾ, ਗਰਲੋਂ ਬੇਟ, ਭੱਦੀ, ਬੇਗੋਵਾਲ, ਰੈਲਮਾਜਰਾ ਤੇ  ਮਹਿਤਪੁਰ ਤੇ ਨਵਾਂ ਪਿੰਡ ਟੱਪਰੀਆ, ਨਵਾਂਸ਼ਹਿਰ ਬਲਾਕ ਦੇ ਲੰਗੜੋਆ, ਜਾਡਲਾ, ਦੌਲਤਪੁਰ, ਸੂਰਾਪੁਰ, ਨੌਰਾ, ਹਿਆਲਾ, ਕਰੀਹਾ, ਉਸਮਾਨਪੁਰ, ਮਹਿੰਦੀਪੁਰ ਤੇ ਚੂਹੜਪੁਰ, ਸੜੋਆ ਬਲਾਕ ਦੇ ਮੱਲੇਵਾਲ, ਸੜੋਆ, ਸਾਹਿਬਾ, ਪੋਜੇਵਾਲ, ਚੰਡਿਆਣੀ ਖੁਰਦ, ਰੱਖੜਾਂ ਢਾਹਾ ਤੇ ਬਛੌੜੀ ਦੇ ਸਕੂਲ ਸ਼ਾਮਲ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਦਵਿੰਦਰ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।