ਵਿਧਾਇਕ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਪ੍ਰਦੂਸ਼ਣ ਦੀ ਰੋਕਥਾਮ ਲਈ ਮੋਹਰੀ ਰੋਲ ਅਦਾ ਕਰਨ ਦਾ ਸੱਦਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਵਿਧਾਇਕ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਪ੍ਰਦੂਸ਼ਣ ਦੀ ਰੋਕਥਾਮ ਲਈ ਮੋਹਰੀ ਰੋਲ ਅਦਾ ਕਰਨ ਦਾ ਸੱਦਾ

ਲੁਧਿਆਣਾ, 21 ਸਤੰਬਰ –

ਲੁਧਿਆਣਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ, ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣਾ ਅਹਿਮ ਰੋਲ ਅਦਾ ਕਰਨ ਦਾ ਸੱਦਾ ਦਿੱਤਾ ਹੈ।

ਵਿਧਾਇਕ ਸ੍ਰੀ ਗੋਗੀ ਵੱਲੋਂ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੇ ਆਟੋ ਚਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਵਸਨੀਕਾਂ, ਆਪਣੀ ਅਤੇ ਆਪਣਿਆਂ ਦੀ ਸਿਹਤ ਦੀ ਤੰਦਰੁਸਤੀ ਲਈ ਬਦਲ ਵਜੋਂ ਈ-ਰਿਕਸ਼ਾ ਨੂੰ ਅਪਣਾਉਣ।

ਇਲੈਕਟ੍ਰਿਕ ਵਹੀਕਲਜ਼ ਡੀਲਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਅੱਜ ਵਿਧਾਇਕ ਸ੍ਰੀ ਗੋਗੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੋਂਪਿਆ ਗਿਆ। ਉਨ੍ਹਾਂ ਆਪਣੇ ਮੰਗ ਪੱਤਰ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋ ਲਿਆਂਦੀ ਜਾਣ ਵਾਲੀ ਨਵੀ ਟ੍ਰਾਂਸਪੋਰਟ ਪਾਲਿਸੀ ਵਿੱਚ ਈ-ਵਹੀਕਲਾਂ ਨੂੰ ਰੋਡ ਟੈਕਸ ਅਤੇ ਰਜਿਸ਼ਟ੍ਰੇਸ਼ਨ ਫੀਸ ਦੀ ਛੋਟ ਦਿੱਤੀ ਜਾਵੇ, ਆਰ.ਟੀ.ਏ. ਦਫ਼ਤਰ ਤੋਂ ਟਰੇਡ ਸਰਟੀਫਿਕੇਟ ਲੈਣਾ ਸੁਖਾਲਾ ਕੀਤਾ ਜਾਵੇ, ਤਿੰਨ ਪਹੀਆ ਵਾਹਨਾਂ ਦਾ ਲਾਇਸੰਸ ਨਹੀਂ ਬਣਦਾ ਜਿਸ ਕਰਕੇ ਇੰਸੋਰੈਂਸ ਕਰਾਉਣ ‘ਚ ਦਿੱਕਤ ਆਉਂਦੀ ਹੈ, ਇਸ ਵੱਲ ਵੀ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਪਰੋਕਤ ਮੁਸ਼ਕਿਲਾਂ ਕਰਕੇ ਵੱਡੀ ਗਿਣਤੀ ਵਿੱਚ ਵਹੀਕਲਾਂ ਦੇ ਚਾਲਾਨ ਹੋ ਰਹੇ ਹਨ ਜੋਕਿ ਗਰੀਬ ਆਟੋ ਚਾਲਕ ਇਹ ਚਾਲਾਨ ਭੁਗਤਣ ਤੋਂ ਵੀ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਕੁੱਝ ਆਟੋ ਰਿਕਸ਼ਾ ਦੇ 10 ਹਜ਼ਾਰ ਅਤੇ ਇਸ ਤੋਂ ਵੱਧ ਦੀ ਰਾਸ਼ੀ ਦੇ ਚਾਲਾਨ ਵੀ ਕੱਟੇ ਗਏ ਹਨ।

ਅੱਜ ਆਪਣੇ ਦਫ਼ਤਰ ਵਿਖੇ ਇਲੈਕਟ੍ਰਿਕ ਵਹੀਕਲਜ਼ ਡੀਲਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਐਸੋਸੀਏਸ਼ਨ ਦੀ 5 ਮੈਂਬਰੀ ਕਮੇਟੀ ਦੀ ਜਲਦ ਟ੍ਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਵੀ ਕਰਵਾਈ ਜਾਵੇਗੀ।

ਵਿਧਾਇਕ ਗੋਗੀ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਸਰਕਾਰ ਸ਼ਹਿਰ ਵਾਸੀਆਂ ਨੂੰ ਹਰ ਸੰਭਵ ਸਹੂਲਤਾਂ ਦੇਣ ਲਈ ਵਚਨਬੱਧ ਹੈ।

ਇਸ ਮੌਕੇ ਸੁਭਾਸ਼ ਮਲਿਕ, ਸਤਨਾਮ ਸਿੰਘ ਸੰਨੀ ਮਾਸਟਰ, ਵਿਸ਼ਾਲ ਬੱਤਰ, ਸਤਵਿੰਦਰ ਜਵੱਦੀ, ਤਨਵੀਰ ਸਿੰਘ ਧਾਲੀਵਾਲ, ਮਨੀ ਸਾਂਈ, ਅਮ੍ਰਿਤ ਵਰਸ਼ਾ ਰਾਮਪਾਲ, ਨਵੀਨ ਗੋਗਨਾ, ਸਤਵੀਰ ਸੱਤਾ ਅਤੇ ਹੋਰ ਹਾਜ਼ਰ ਸਨ।