ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆੱਨਲਾਈਨ ਸਮਾਗਮ ਰਾਹੀਂ ਕਰਨਗੇ ਲੋਕਾਂ ਨੂੰ ਸਮਰਪਿਤ
ਗੂਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ 11 ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਨੂੰ ਜਾਰੀ ਕੀਤੇ ਗਏ ਇੱਕ-ਇੱਕ ਕਰੋੜ ਰੁਪਏ
ਤਰਨ ਤਾਰਨ, 25 ਨਵੰਬਰ :
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਉਹਨਾਂ ਦੇ ਜਿਲ੍ਹਾ ਤਰਨਤਾਰਨ ਵਿੱਚ ਗੂਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ 11 ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਪਿੰਡ ਨੂੰ ਇੱਕ-ਇੱਕ ਕਰੋੜ ਰੁਪਏ ਜਾਰੀ ਕੀਤੇ ਗਏ। ਇਹ ਰਕਮ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਉਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਖਰਚ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਪਿੰਡਾਂ ਵਿੱਚ ਇੰਟਰਲਾਕਿੰਗ ਟਾਇਲਾਂ ਨਾਲ ਪੱਕੀਆਂ ਗਲੀਆਂ, ਨਾਲੀਆਂ, ਪੰਚਾਇਤ ਘਰ, ਸ਼ਮਸ਼ਾਨਘਾਟ, ਪਲੇਅ ਗਰਾਊਂਡ ਆਂਗਣਵਾੜੀ ਸੈਂਟਰ, ਜਿੰਮ, ਡਿਸਪੈਂਸਰੀ, ਛੱਪੜ ਸੀ. ਸੀ. ਟੀ. ਵੀ. ਕੈਮਰੇ, ਪਾਰਕ ਅਤੇ ਸੋਲਰ ਲਾਈਟਾਂ ਆਦਿ ਦੇ ਕੰਮ ਕਰਵਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ 3 ਬਲਾਕਾਂ ਭਿੱਖੀਵਿੰਡ, ਚੋਹਲਾ ਸਾਹਿਬ ਅਤੇ ਬਲਾਕ ਖਡੂਰ ਸਾਹਿਬ ਦੇ ਵਿੱਚ ਫਤਿਆਬਾਦ, ਡੇਹਰਾ ਸਾਹਿਬ, ਲੋਹਾਰ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਵੈਰੋਵਾਲ, ਅਮੀ ਸ਼ਾਹ, ਖਾਲੜਾ, ਕੌੜਾ ਵਧਾਨ, ਦਿਆਲਪੁਰਾ, ਜਲਾਲਾਬਾਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਹਨ।
ਪੰਜਾਬ ਸਰਕਾਰ ਦਾ ਇਹ ਮਨੋਰਥ ਹੈ ਕਿ ਗੁਰੂ ਸਾਹਿਬ ਦੇ ਇਹ ਚਰਨ ਛੋਹ ਪ੍ਰਾਪਤ ਇਤਿਹਾਸਿਕ ਪਿੰਡਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਦੁਨੀਆਂ ਦੇ ਨਕਸ਼ੇ ਤੇ ਉਭਾਰਨ ਦਾ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਹਰ ਵਰਗ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ, ਉਹਨਾਂ ਦੇ ਚਰਨ ਛੋਹ ਸਥਾਨਾਂ ਬਾਰੇ ਜਾਣਕਾਰੀ ਮਿਲ ਸਕੇ ਤਾਂ ਜੋ ਲੋਕ ਇਹਨਾਂ ਸਥਾਨਾਂ ਦੇ ਦਰਸ਼ਨ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ 30 ਨਵੰਬਰ, 2020 ਨੂੰ ਇਹਨਾਂ ਇਤਿਹਾਸਿਕ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਕਰਵਾਏ ਗਏ ਕੰਮਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆੱਨਲਾਈਨ ਸਮਾਗਮ ਰਾਹੀਂ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ 28 ਨਵੰਬਰ, 2020 ਨੂੰ ਇਹਨਾਂ ਪਿੰਡਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਅਖੰਡ-ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ ਅਤੇ 30 ਨਵੰਬਰ, 2020 ਨੂੰ ਅਖੰਡ-ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਜਿਲ੍ਹਾ ਤਰਨਤਾਰਨ ਪ੍ਰਸ਼ਾਸਨ ਵੱਲੋਂ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਇਹਨਾਂ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਨੋਡਲ ਅਧਿਕਾਰੀ ਹਰ ਪਿੰਡ ਵਿਚ ਤੈਨਾਤ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨਤਾਰਨ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨਤਾਰਨ ਵੱਲੋ ਇਹਨਾਂ ਪ੍ਰੋਗਰਾਮਾਂ ਦੇ ਸਮੁੱਚੇ ਪ੍ਰਬੰਧਾਂ ਲਈ ਜਿੰਮੇਵਾਰ ਅਧਿਕਾਰੀ ਵਜੋਂ ਤੈਨਾਤ ਕੀਤਾ ਗਿਆ ਹੈ।

English





