ਜ਼ਿਲੇ ਦੇ ਸਰਕਾਰੀ ਸਕੂਲਾਂ ’ਚ ਗਣਿਤ ਮੇਲਿਆਂ ਦੀ ਸ਼ੁਰੂਆਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬਰਨਾਲਾ, 6 ਅਗਸਤ 2021
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਨੂੰ ਸੰਕਲਪ ਆਧਾਰਿਤ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਉਪਰਾਲਿਆਂ ਤਹਿਤ ਵਿਭਾਗ ਵੱਲੋਂ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ 6 ਅਗਸਤ ਤੋਂ ਗਣਿਤ ਮੇਲਿਆਂ ਦਾ ਆਗਾਜ਼ ਕੀਤਾ ਗਿਆ ਹੈ।ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਉਤਸ਼ਾਹ ਪੂਰਵਕ ਸ਼ਮੂਲੀਅਤ ਨਾਲ ਜ਼ਿਲੇ ਦੇ ਸਰਕਾਰੀ ਸਕੂਲਾਂ ’ਚ ਗਣਿਤ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜ਼ਿਲੇ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਵਿਭਾਗੀ ਸਮਾਂ ਸਾਰਣੀ ਅਨੁਸਾਰ ਗਣਿਤ ਮੇਲੇ ਕਰਵਾਏ ਜਾਣੇ ਹਨ। ਮੇਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਮਦਦ ਨਾਲ ਗਣਿਤ ਦੇ ਸੰਕਲਪਾਂ ਨੂੰ ਪ੍ਰਯੋਗੀ ਤੌਰ ’ਤੇ ਸਪੱਸ਼ਟ ਕਰਦੇ ਮਾਡਲ ਅਤੇ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਵਿਦਿਅਕ ਮੇਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਪੰਚਾਇਤੀ ਨੁਮਾਇੰਦਿਆਂ ਅਤੇ ਸਮਾਜ ਦੀਆਂ ਮੋਹਤਬਰ ਸਖ਼ਸ਼ੀਅਤਾਂ ਦੀ ਆਮਦ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੌਸਲਾ ਮਿਲਦਾ ਹੈ।
ਜ਼ਿਲਾ ਮੈਂਟਰ ਗਣਿਤ ਕਮਲਦੀਪ ਨੇ ਦੱਸਿਆ ਕਿ ਗਣਿਤ ਮੇਲੇ ਤੋਂ ਪਹਿਲਾਂ ਹਰ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮਾਡਲਾਂ ਅਤੇ ਗਤੀਵਿਧੀਆਂ ਦੀ ਤਿਆਰੀ ਕਰਵਾਈ ਗਈ ਹੈ। ਤਿਆਰੀ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਗਣਿਤ ਨੂੰ ਰੱਟੇ ਦੀ ਬਜਾਏ ਸੰਕਲਪ ਸਮਝ ਕੇ ਪੜਨ ਲਈ ਪ੍ਰੇਰਿਤ ਕੀਤਾ ਗਿਆ ਹੈ।
ਕੈਪਸ਼ਨ: ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਹਰਕੰਵਲਜੀਤ ਕੌਰ ਗਣਿਤ ਮੇਲੇ ਦੌਰਾਨ ਵਿਚਰਦੇ ਹੋਏ।