ਬਿਨ੍ਹਾਂ ਐੱਸ. ਐੱਮ. ਐੱਸ ਤੋਂ ਕੰਬਾਇਨ ਚਲਾਉਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਬਣਦੀ ਕਾਨੂੰਨੀ ਕਾਰਵਾਈ
ਤਰਨ ਤਾਰਨ, 25 ਸਤੰਬਰ :
ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਜ਼ਿਲੇ੍ਹ ਵਿਚ 506 ਨੋਡਲ ਅਧਿਕਾਰੀ ਅਤੇ 74 ਕਲੱਸਟਰ ਅਫਸਰ ਤਾਇਨਾਤ ਕੀਤੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਕੰਬਾਇਨ ਮਾਲਕਾਂ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਲਗਾਏ ਗਏ ਕਲੱਸਟਰ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਿਦਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਵੱਲੋਂ ਝੋਨੇ ਦੀ ਕਟਾਈ ਉਪਰੰਤ ਬਚੀ ਹੋਈ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਪੂਰਨ ਮਨਾਹੀ ਹੈ, ਸੋ ਕਿਸਾਨ ਵੀਰ ਪਰਾਲੀ ਨੂੰ ਜਾਂ ਤਾਂ ਪਸ਼ੂ-ਧਨ ਦੀਆਂ ਲੋੜਾਂ ਲਈ ਇਕੱਠਾ ਕਰਕੇ ਖੇਤਾਂ ਤੋਂ ਬਾਹਰ ਕੱਢ ਕੇ ਸਾਂਭ ਲੈਣ ਜਾਂ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤ ਵਿਚ ਜੈਵਿਕ ਮਾਦਾ ਤਿਆਰ ਕਰਨ ਲਈ ਫਸਲਾਂ ਦੀ ਰਹਿੰਦ-ਖੂੰਹਦ, ਜੋ ਕਿ ਕੁਦਰਤ ਵੱਲੋਂ ਬਖਸਿਆ ਵੱਡਾ ਖਜ਼ਾਨਾ ਹੈ, ਦੀ ਵੱਡੀ ਭੂਮਿਕਾ ਹੈ। ਇਸ ਲਈ ਇਸ ਕੁਦਰਤੀ ਖਾਦ ਨੂੰ ਅੱਗ ਲਗਾ ਕੇ ਸੁਆਹ ਕਰਨ ਦੀ ਥਾਂ ਖੇਤ ਵਿਚ ਵਾਹੋ, ਜਿਸ ਨਾਲ ਅਗਲੀ ਫਸਲ ਵਿਚ ਘੱਟ ਰਸਾਇਣਕ ਖਾਦ ਪਾਉਣ ਦੀ ਲੋੜ ਪਵੇਗੀ। ਉਨਾਂ ਕਿਹਾ ਕਿ ਜਿਲੇ ਦੇ ਸੈਂਕੜੇ ਕਿਸਾਨ ਅਜਿਹੇ ਹਨ, ਜੋ ਕਈ ਸਾਲਾਂ ਤੋਂ ਪਰਾਲੀ ਅਤੇ ਨਾੜ ਨੂੰ ਖੇਤਾਂ ਵਿਚ ਵਾਹ ਰਹੇ ਹਨ ਅਤੇ ਉਨਾਂ ਦਾ ਤਜ਼ਰਬਾ ਹੈ ਕਿ ਉਹ ਘੱਟ ਖਰਚ ਕਰਕੇ ਫਸਲ ਦਾ ਵੱਧ ਝਾੜ ਲੈਂਦੇ ਹਨ।
ਡਿਪਟੀ ਕਮਿਸ਼ਨਰ ਨੇ ਕੰਬਾਇਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਕੰਬਾਇਨ ਬਿਨ੍ਹਾਂ ਐੱਸ. ਐੱਮ. ਐੱਸ ਦੇ ਖੇਤਾਂ ਵਿੱਚ ਨਾ ਚਲਾਈ ਜਾਵੇ।ਉਹਨਾਂ ਦੱਸਿਆ ਕਿ ਬਿਨ੍ਹਾਂ ਐੱਸ. ਐੱਮ. ਐੱਸ ਤੋਂ ਕੰਬਾਇਨ ਚਲਾਉਣ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸਦੇ ਨਾਲ ਹੀ ਮੀਟਿੰਗ ਵਿੱਚ ਮੌਜੂਦ ਕਲੱਸਟਰ ਅਫ਼ਸਰਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਬਾਰੇ ਕਿਹਾ ਗਿਆ।
ਕਲੱਸਟਰ ਅਫ਼ਸਰਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪਿੰਡ-ਪਿੰਡ ਲਗਾਏ ਗਏ ਨੋਡਲ ਅਫ਼ਸਰਾਂ ਨਾਲ ਤਾਲਮੇਲ ਕਰਕੇ ਉਹਨਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।ਐਸ. ਡੀ. ਓ. ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਲੱਸਟਰ ਅਫ਼ਸਰਾਂ ਨੂੰ ਇਸ ਸੰਬੰਧੀ ਬਣਾਈ ਗਈ ਨਵੀਂ ਐਪ ਲਈ ਟ੍ਰੇਨਿੰਗ ਦਿੱਤੀ।ਡਿਪਟੀ ਕਮਿਸ਼ਨਰ, ਤਰਨ ਤਾਰਨ ਵੱਲੋਂ ਕਲੱਸਟਰ ਅਫ਼ਸਰਾਂ ਨੂੰ ਕਿਹਾ ਗਿਆ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਉਹਨਾਂ ਵਿਰੁੱਧ ਹਦਾਇਤਾਂ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇ ।

English





