ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਵਿਰਾਸਤ ਏ ਖਾਲਸਾ ਵਿਖੇ ਹੋਵੇਗਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸਾਈਕਲ ਰੈਲੀ ਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਘਰਾਂ ਉੱਤੇ ਤਿਰੰਗਾ ਲਹਿਰਾਉਣ ਤੇ ਦੀਪ ਮਾਲਾ ਕਰਨ ਦੀ ਅਪੀਲ 
ਰੂਪਨਗਰ, 27 ਸਤੰਬਰ :- ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਸਬੰਧੀ ਜ਼ਿਲਾ ਪੱਧਰੀ ਸਮਾਗਮ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਵਿਰਾਸਤ ਏ ਖਾਲਸਾ ਵਿਖੇ ਆਯੋਜਿਤ ਕੀਤਾ ਜਾਵੇਗਾ।
ਜ਼ਿਲ੍ਹਾ ਰੂਪਨਗਰ ਵਿਚ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਰੱਖੀ ਇੱਕ ਵਿਸ਼ੇਸ਼ ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ 28 ਸਤੰਬਰ  ਨੂੰ ਜ਼ਿਲ੍ਹੇ ਵਿੱਚ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਵੇਰੇ 6 ਵਜੇ ਸ਼ਹੀਦ ਭਗਤ ਸਿੰਘ ਚੌਂਕ ਤੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਤੱਕ ਸਾਈਕਲ ਰੈਲੀ ਕੱਢੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਇਸ ਰੈਲੀ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ।
 ਉਨ੍ਹਾਂ ਦੱਸਿਆ ਕਿ ਵਿਰਾਸਤ ਏ ਖਾਲਸਾ ਵਿਖੇ ਸ਼ਾਮ ਨੂੰ  ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਤਸਵੀਰ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆਂ ਕਿ ਵਿਰਾਸਤ-ਏ-ਖਾਲਸਾ ਵਿਚ ਹੋਣ ਵਾਲੇ ਸਮਾਗਮ ਸ਼ਾਮ 4 ਵਜੇ ਹੋਣਗੇ। ਜਿਨ੍ਹਾਂ ਵਿਚ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਅਤੇ ਸ਼ਹੀਦ-ਏ-ਆਜ਼ਮ ਦੇ ਜੀਵਨ ਨਾਲ ਸਬੰਧਿਤ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਏ ਆਜ਼ਮ ਨੂੰ ਯਾਦ ਕਰਦਿਆਂ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਉੱਤੇ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ ਵਿਚ ਕਰਵਾਏ ਜਾ ਰਹੇ ਹਨ। ਜਿਸ ਉਪਰੰਤ ਇਕ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਇਸ ਮੀਟਿੰਗ ਰਾਹੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਇਹਨਾਂ ਸਮਾਗਮਾਂ ਅਤੇ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ 28 ਸਤੰਬਰ ਨੂੰ ਲੋਕਾਂ ਨੂੰ ਆਪਣੇ ਘਰਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸ਼ਾਮ/ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਯਾਦ ਵਿੱਚ ਦੀਵਾ ਜਾਂ ਮੋਮਬੱਤੀ ਜਗਾਉਣ ਦੀ ਅਪੀਲ ਵੀ ਕੀਤੀ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ, ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਭਲਾਈ ਸ. ਮਨਤੇਜ ਸਿੰਘ ਚੀਮਾ, ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ਼੍ਰੀ ਪੰਕਜ ਯਾਦਵ, ਤਹਿਸੀਲਦਾਰ ਸ. ਜਸਪ੍ਰੀਤ ਸਿੰਘ, ਸੁਪਰਡੈਂਟ ਸ਼੍ਰੀਮਤੀ ਸੰਤੋਸ਼ ਕੁਮਾਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।