ਖੇਤੀਬਾੜੀ ਵਿਭਾਗ ਨੇ ਪਰਾਲੀ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਖੇਤੀਬਾੜੀ ਵਿਭਾਗ ਨੇ ਪਰਾਲੀ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ
—ਫ਼ਸਲਾਂ ਦਾ ਬਿਮਾਰੀ ਤੋਂ ਬਚਾਅ ਕਰਨ ਲਈ ਮਾਹਰਾਂ ਨੇ ਕਿਸਾਨਾਂ ਨੂੰ ਦਿੱਤੇ ਸੁਝਾਅ

ਪਟਿਆਲਾ, 27 ਸਤੰਬਰ:

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਦੌਣ ਕਲਾਂ ਬਲਾਕ ਪਟਿਆਲਾ ਵਿਖੇ ਪਰਾਲੀ ਦੀ ਸਾਂਭ ਸੰਭਾਲ ਅਤੇ ਝੋਨੇ ਦੀ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੇ ਝੋਨੇ ਦੀ ਕਟਾਈ ਸੁਪਰ ਐਮ.ਐਸ.ਐਮ ਲੱਗੀ ਕੰਬਾਇਨ ਨਾਲ ਹੀ ਕਰਨ ਤਾਂ ਜੋ ਪਰਾਲੀ ਨੂੰ ਖੇਤਾਂ ਵਿਚ ਖਿਲਾਰਿਆ ਜਾ ਸਕੇ।

ਸੈਨਿਕ ਸੁੰਡੀ/ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਡਾ. ਚੱਠਾ ਨੇ ਦੱਸਿਆ ਕਿ ਕਿਸਾਨ 400 ਐਮ.ਐਲ ਐਕਾਲੈਕਸ 25 ਈ.ਸੀ. ਜਾਂ 1 ਲੀਟਰ ਕਲੋਰੋਪਾਇਰੀਫਾਸ 20 ਕਿਲੋ ਮਿੱਟੀ ਵਿਚ ਰਲਾ ਕੇ ਛਿੱਟਾ ਦੇ ਸਕਦੇ ਹਨ। ਗੁੱਲੀ ਡੰਡੇ ਦੀ ਸਮੱਸਿਆ ਨੂੰ ਘੱਟ ਕਰਨ ਲਈ ਕਿਸਾਨ ਅੱਧਾ ਲੀਟਰ ਗਰਾਮੈਕਸੋਨ ਜਾਂ ਸਟੌਂਪ 1.5 ਲੀਟਰ 200 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹਨ। ਚੂਹਿਆਂ ਦੀ ਸਮੱਸਿਆ ਤੋਂ ਬਚਣ ਲਈ ਜਿੰਕ ਫਾਸਫਾਇਡ ਦਾ ਚੋਗ ਬਣਾਉਣ ਲਈ 1 ਕਿਲੋ ਜਵਾਰ ਜਾਂ ਬਾਜਰਾ ਜਾਂ ਕਣਕ ਦੇ ਦਰੜ ਵਿਚ 20 ਗ੍ਰਾਮ ਖਾਣ ਵਾਲਾ ਤੇਲ, 20 ਗ੍ਰਾਮ ਪੀਸੀ ਖੰਡ ਅਤੇ 25 ਗ੍ਰਾਮ ਜਿੰਕ ਫਾਸਫਾਇਡ ਦਾ ਪਾਊਡਰ ਚੰਗੀ ਤਰ੍ਹਾਂ ਰਲਾ ਕੇ ਵਰਤਿਆ ਜਾ ਸਕਦਾ ਹੈ। ਕਿਸਾਨਾਂ ਨੂੰ 1 ਏਕੜ ਵਿਚ 2-3 ਕਿਆਰੇ ਪਾਉਣੇ ਚਾਹੀਦੇ ਹਨ ਤਾਂ ਜੋ ਪਰਾਲੀ ਵਾਲੇ ਖੇਤਾਂ ਵਿਚ ਪਾਣੀ ਜ਼ਿਆਦਾ ਹੋਣ ਕਾਰਨ ਕਣਕ ਪੀਲੀ ਨਾ ਪਵੇ।

ਡਾ. ਚੱਠਾ ਨੇ ਪਰਾਲੀ ਤੋਂ ਤਿਆਰ ਹੋਣ ਵਾਲੇ ਉਤਪਾਦ ਜਿਵੇਂ ਕਿ ਬਾਇਓ ਗੈਸ ਪਲਾਂਟ, ਪਰਾਲੀਚਾਰ, ਕੰਪੋਸਟ, ਪਰਾਲੀ ਵਾਲਾ ਗੀਜ਼ਰ, ਖੁੰਬਾਂ ਦੀ ਕਾਸ਼ਤ, ਭੱਠਿਆਂ ਵਿਚ ਵਰਤੋਂ ਅਤੇ ਬਾਇਓ ਸੀ.ਐਨ.ਜੀ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਕੈਂਪ ਵਿਚ ਸਹਿਕਾਰੀ ਸਭਾ ਦੌਣ ਕਲਾਂ ਦਾ ਸਟਾਫ਼, ਸਰਪੰਚ, ਨੰਬਰਦਾਰ ਅਤੇ ਅਗਾਂਹਵਧੂ ਕਿਸਾਨ ਅਤੇ ਏ.ਟੀ.ਐਮ ਕਮਲਦੀਪ ਸਿੰਘ ਸ਼ਾਮਲ ਹਾਜ਼ਰ ਸਨ।