ਪਿੰਡ ਪੱਧਰੀ ਟੀਮਾਂ ਵਿੱਚ ਸ਼ਾਮਲ ਪੰਚਾਇਤ ਸਕੱਤਰਾਂ, ਆਂਗਣਵਾੜੀ ਵਰਕਰਾਂ, ਨਰੇਗਾ ਵਰਕਰਾਂ ਤੇ ਹੋਰ ਧਿਰਾਂ ਨੂੰ ਮੁਹਿੰਮ ਤੋਂ ਕਰਾਇਆ ਜਾਣੂ
ਬਰਨਾਲਾ, 4 ਅਕਤੂਬਰ 2024
ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।ਅੱਜ ਪਿੰਡ ਕੱਟੂ, ਟੱਲੇਵਾਲ, ਪੱਖੋ ਕਲਾਂ, ਰੂੜੇਕੇ ਕਲਾਂ ਪਿੰਡਾਂ ਦੇ ਪਟਵਾਰੀਆਂ, ਪੰਚਾਇਤ ਸਕੱਤਰਾਂ, ਪੰਚਾਇਤ ਪ੍ਰਧਾਨਾਂ, ਆਂਗਣਵਾੜੀ ਵਰਕਰਾਂ, ਨੰਬਰਦਾਰਾਂ, ਚੌਕੀਦਾਰਾਂ ਤੇ ਨਰੇਗਾ ਵਰਕਰਾਂ ਨਾਲ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਮੀਟਿੰਗਾਂ ਕੀਤੀਆਂ।ਉਨ੍ਹਾਂ ਕਿਹਾ ਕਿ ਹਰੇਕ ਨਰੇਗਾ ਵਰਕਰ ਪੰਜ ਕਿਸਾਨਾਂ ਦੀ ਨਿਗਰਾਨੀ ਕਰੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤਾਂ ਵਿਚ ਅੱਗ ਲੱਗਣ ਤੋਂ ਰੋਕਣ ਲਈ ਤਾਇਨਾਤ ਕੀਤੇ ਗਏ ਵਿਅਕਤੀਆਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਗਣਤੰਤਰ ਦਿਵਸ ਸਮਾਗਮ ਮੌਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਟੀਫਿਕੇਟ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਪੱਧਰੀ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਪਟਵਾਰੀ, ਪੰਚਾਇਤ ਸਕੱਤਰ, ਸਹਿਕਾਰੀ ਸਭਾਵਾਂ ਦੇ ਪ੍ਰਧਾਨ, ਆਂਗਣਵਾੜੀ ਵਰਕਰ, ਨੰਬਰਦਾਰ, ਚੌਕੀਦਾਰ ਤੇ ਨਰੇਗਾ ਵਰਕਰ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਬਚਾਉਣਾ ਹਰ ਇਕ ਵਿਅਕਤੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਸੀਨੀਅਰ ਅਧਿਕਾਰੀਆਂ ਅਤੇ ਕਲੱਸਟਰ ਅਫ਼ਸਰਾਂ ਵਲੋਂ ਮੀਟਿੰਗਾਂ ਜਾਰੀ ਹਨ ਤੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ।
ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

English





