–ਨਗਰ ਨਿਗਮ ਟੀਮ ਦੇ ਸਹਿਯੋਗ ਨਾਲ ਪਹਿਲੇ ਦਿਨ 14 ਕੁਤਿਆਂ ਦੀ ਨਸਬੰਦੀ ਕੀਤੀ ਗਈ
-ਅਗਲੇ ਦਿਨਾਂ ‘ਚ ‘ਐਨੀਮਲ ਬਰਥ ਕੰਟਰੋਲ’ ਪ੍ਰੋਗਰਾਮ ਤਹਿਤ 250 ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਣ ਕਰਨ ਦਾ ਟੀਚਾ
ਪਟਿਆਲਾ, 29 ਜਨਵਰੀ-
ਪਟਿਆਲਾ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਵੱਲੋਂ ‘ਐਨੀਮਲ ਬਰਥ ਕੰਟਰੋਲ’ ਪ੍ਰੋਗਰਾਮ ਤਹਿਤ ਆਪਣੇ ਅਧੀਨ ਆਉਂਦੇ ਪਟਿਆਲਾ ਦੇ ਸ਼ਹਿਰੀ ਇਲਾਕੇ ‘ਚ ਅੱਜ ਨਗਰ ਨਿਗਮ ਟੀਮ ਦੀ ਸਹਾਇਤਾ ਨਾਲ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਹਲਕਾਅ ਰੋਕੂ ਟੀਕਾਕਰਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਪੀ ਡੀ ਏ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਖਤਿਆਰੀ ਕੋਟੇ ‘ਚੋਂ ਇਸ ਮੰਤਵ ਲਈ ਤਿੰਨ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ, ਜਿਸ ਨਾਲ ਪਹਿਲੇ ਪੜਾਅ ‘ਚ 250 ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਣ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਨਗਰ ਨਿਗਮ ਦੀ ਟੀਮ ਦੀ ਸਹਾਇਤਾ ਨਾਲ 14 ਕੁੱਤਿਆਂ ਦੀ ਨਸਬੰਦੀ (ਸਟਰਲਾਈਜ਼ੇਸ਼ਨ) ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਲਏ ਗਏ 250 ਦੇ ਟੀਚੇ ਦੇ ਪੂਰਾ ਹੋਣ ਤੱਕ ਇਹ ਮੁਹਿੰਮ ਹਰ ਹਫ਼ਤੇ ਇੱਕ ਦਿਨ ਲਈ ਚਲਾਈ ਜਾਵੇਗੀ।

English






