ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਡੇਂਗੂ ਖਿਲਾਫ ਉਪਰਾਲੇ ਜਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸਿਹਤ ਵਿਭਾਗ ਵੱਲੋਂ ਲਾਰਵਾ ਚੈੱਕ ਕਰਨ ਲਈ 67 ਟੀਮਾਂ ਗਠਿਤ, 16050 ਘਰਾਂ ਦਾ ਸਰਵੇਖਣ
ਬਰਨਾਲਾ, 29 ਜੁਲਾਈ 2021
ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਰਨਾਲਾ ਵੱਲੋਂ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਖਾਸ ਕਰਕੇ ਡੇਂਗੂ ਫੈਲਣ ਤੋਂ ਰੋਕਣ ਲਈ ਉਪਰਾਲੇ ਜਾਰੀ ਹਨ।
ਇਸ ਸਬੰਧੀ ਸਿਹਤ ਵਿਭਾਗ, ਨਗਰ ਕੌਂਸਲ ਤੇ ਹੋਰ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਵਿਭਾਗੀ ਉਪਰਾਲਿਆਂ ਦਾ ਜਾਇਜ਼ਾ ਲਿਆ ਗਿਆ। ਉਨਾਂ ਸਿਹਤ ਵਿਭਾਗ ਨੂੰ ਜਾਗਰੂਕਤਾ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਨਗਰ ਕੌਂਸਲ ਨੂੰ ਲਗਾਤਾਰ ਫੌਗਿੰਗ ਤੇ ਚੈਕਿੰਗ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਚੈਕਿੰਗ ਦੇ ਨਾਲ ਨਾਲ ਆਮ ਲੋਕਾਂ ਨੂੰ ਘਰਾਂ ਤੇ ਦਫਤਰਾਂ ਆਦਿ ਵਿਚ ਪਾਣੀ ਖੜਾ ਨਾ ਹੋਣ ਦੇਣ ਲਈ ਪ੍ਰੇਰਿਆ ਜਾਂਦਾ ਹੈ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਇਸ ਸਾਲ ਡੇਂਗੂ ਸਬੰਧੀ ਲਾਰਵਾ ਚੈਕ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ 67 ਟੀਮਾਂ ਪਿੰਡਾਂ ਅਤੇ ਸ਼ਹਿਰਾਂ ਲਈ ਗਠਿਤ ਕੀਤੀਆਂ ਗਈਆਂ ਹਨ। ਇਨਾਂ ਟੀਮਾਂ ਵੱਲੋਂ ਹੁਣ ਤੱਕ 16050 ਘਰਾਂ ਦਾ ਸਰਵੇਖਣ ਕੀਤਾ ਜਾ ਚੁੱਕਿਆ ਹੈ ਤੇ 16735 ਪਾਣੀ ਦੇ ਵੱਖ ਵੱਖ ਸੋਮਿਆਂ ’ਚ ਲਾਰਵੇ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਜਿਹੜੇ ਘਰਾਂ ਜਾਂ ਹੋਰ ਥਾਵਾਂ ’ਤੇ ਡੇਂਗੂ ਵਾਲੇ ਮੱਛਰ ਦਾ ਲਾਰਵਾ ਮਿਲਿਆ, ਉਸ ਸਬੰਧੀ ਨਗਰ ਕੌਂਸਲ ਨੂੰ ਭੇਜਿਆ ਜਾ ਚੁੱਕਿਆ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੀ ਹਦੂਦ ਅੰਦਰ ਡੇਂਗੂ ਦਾ ਲਾਰਵਾ ਮਿਲਣ ’ਤੇ 14 ਚਲਾਨ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਐਸਐਮਓ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ, ਜ਼ਿਲਾ ਐਪਡੀਮੋਲੋਜਿਸਟ ਡਾ. ਮੁਨੀਸ਼, ਐਸਐਮਓ ਤਪਾ ਡਾ. ਪ੍ਰਵੇਸ਼, ਐਸਐਮਓ ਧਨੌਲਾ ਡਾ. ਸਤਵੰਤ ਔਜਲਾ, ਐਸਐਮਓ ਮਹਿਲ ਕਲਾਂ ਡਾ. ਜੈਦੀਪ ਸਿੰਘ ਚਹਿਲ, ਐਸਐਮਓ ਭਦੌੜ ਡਾ. ਨੀਰਾ ਸੇਠ, ਕਾਰਜਸਾਧਕ ਅਫਸਰ ਨਗਰ ਪੰਚਾਇਤ ਹੰਡਿਆਇਆ ਮਨਪ੍ਰੀਤ ਸਿੰਘ ਸਿੱਧੂ, ਸੈਨੇਟਰੀ ਇੰਸਪੈਕਟਰ ਦੀਪਕ ਕੁਮਾਰ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਕਿਵੇਂ ਫੈਲਦਾ ਹੈ ਡੇਂਗੂ?
ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜ੍ਰੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ। ਉਨਾਂ ਦੱਸਿਆ ਕਿ ਡੇਂਗੂ ਬੁਖਾਰ ਦੇ ਲੱਛਣ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖਾਂ ਪਿੱਛੇ ਦਰਦ, ਉਲਟੀਆਂ, ਨੱਕ, ਮੂੰਹ ਤੇ ਮਸੂੜਿਆਂ ਵਿਚੋਂ ਖੂਨ ਵਗਣਾ ਹੈ। ਉਨਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਘਰਾਂ ’ਚ ਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਓ, ਪਾਣੀ ਦੇ ਭਾਂਡਿਆਂ ਤੇ ਟੈਂਕੀਆਂ ਨੂੰ ਢਕ ਕੇ ਰੱਖੋ। ਹਫਤੇ ਵਿਚ ਇਕ ਦਿਨ ਕੂਲਰਾਂ, ਟੈਂਕੀਆਂ ਆਦਿ ਨੂੰ ਖਾਲੀ ਕਰ ਕੇ ਸੁੁਕਾਓ।