ਪੇਂਡੂ ਖੇਤਰ ਦਾ ਸਕੂਲ ਬਿਖੇਰ ਰਿਹਾ ਇਕ ਹਜਾਰ ਤੋਂ ਜਿਆਦਾ ਵਿਦਿਆਰਥੀਆਂ ਦੇ ਮਨਾਂ ਵਿਚ ਸਿੱਖਿਆ ਦਾ ਚਾਨਣ
ਸਕੂਲ ਦੀ ਬਦਲੀ ਦਿੱਖ ਪਿੰਡ ਵਾਸੀਆਂ ਦੇ ਸਿੱਖਿਆ ਪ੍ਰਤੀ ਪਿਆਰ ਦੀ ਭਰਦੀ ਹੈ ਹਾਮੀ
ਫ਼ਾਜ਼ਿਲਕਾ, 25 ਮਈ 2022
ਜ਼ਿਲੇ ਵਿਚ ਸਿੱਖਿਆ ਦੇ ਖੇਤਰ ਵਿਚ ਨਵੇਂ ਦਿੱਸਹੱਦੇ ਸਥਾਪਿਤ ਕੀਤੇ ਜਾ ਰਹੇ ਹਨ। ਸਕੂਲ ਸਿੱਖਿਆ ਵਿਭਾਗ ਅਤੇ ਪਿੰਡਾਂ ਦੇ ਲੋਕਾਂ ਦੇ ਸਾਂਝੇ ਉਪਰਾਲੇ ਨੇ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਨੂੰ ਹੋਰ ਬਲ ਬਖ਼ਸ਼ਿਆ ਹੈ। ਹੁਣ ਪਿੰਡਾਂ ਦੇ ਸਕੂਲਾਂ ਦੀ ਬਦਲੀ ਦਿੱਖ ਹਰ ਇਕ ਦੇ ਮਨ ਨੂੰ ਸਕੂਨ ਦਿੰਦੀ ਹੈ। ਜ਼ਿਲੇ ਦੇ ਪਿੰਡ ਡੰਗਰ ਖੇੜਾ ਦੇ ਜੇਕਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਗੱਲ ਕਰੀਏ ਤਾਂ ਇਹ ਸਕੂਲ ਹੁਣ ਉਸ ਸਖ਼ਸ਼ ਦੀ ਰੂਹ ਨੂੰ ਸਕੂਨ ਜ਼ਰੂਰ ਦਿੰਦਾ ਹੋਵੇਗਾ ਜਿਸ ਨੇ ਪਿੰਡ ਵਿਚ ਸਿੱਖਿਆ ਦਾ ਦੀਵਾ ਬਾਲਣ ਲਈ ਸਕੂਲ ਲਈ ਜ਼ਮੀਨ ਮੁਹੱਈਆ ਕਰਵਾਈ ਸੀ।
ਹੋਰ ਪੜ੍ਹੋ :-ਸੁਖਬੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਨਾਕਾਮ ਰਹਿਣ ’ਤੇ ਆਮ ਆਦਮੀ ਪਾਰਟੀ ਸਰਕਾਰ ਦੀ ਕੀਤੀ ਨਿਖੇਧੀ
ਜੇਕਰ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰੀਏ ਤਾਂ ਇਹ ਸਕੂਲ ਆਸੇ ਪਾਸੇ ਦੇ ਪੰਜ ਸੱਤ ਪਿੰਡਾਂ ਦੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣ ਰਿਹਾ ਹੈ। ਇਸ ਸਕੂਲ ਵਿਚ 1000 ਤੋਂ ਜਿਆਦਾ ਵਿਦਿਆਰਥੀ ਪੜਨ ਲਈ ਆਉਂਦੇ ਹਨ। ਸਕੂਲ ਦੇ ਪ੍ਰਿੰਸੀਪਲ ਸਤੀਸ਼ ਕੁਮਾਰ ਦੱਸਦੇ ਹਨ ਕਿ ਸਕੂਲ ਵਿਚ ਦਾਖ਼ਲ ਹੁੰਦਿਆਂ ਹੀ ਸਕੂਲ ਦੀ ਨਿਵੇਕਲੀ ਪਹਿਚਾਣ ਸਭ ਦਾ ਮਨ ਮੋਹ ਲੈਂਦੀ ਹੈ। ਸਕੂਲ ਦੇ ਮੁੱਖ ਗੇਟ ਤੇ ਜਿੱਥੇ ਐਲਈਡੀ ਲਾ ਕੇ ਸਕੂਲ ਦਾ ਨਾਂਅ ਡਿਸਪਲੇਅ ਕੀਤਾ ਗਿਆ ਹੈ । ਉਥੇ ਹੀ ਮੁੱਖ ਗੇਟ ਤੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਸਾਂਝ ਪਾ ਕੇ ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਕੂਲ ਵਿਚ ਜਿੱਥੇ ਸਮਾਰਟ ਕਲਾਸ ਰੂਮ ਸਥਾਪਿਤ ਕੀਤੇ ਗਏ ਹਨ। ਸਕੂਲ ਦੇ 16 ਕਲਾਸ ਰੂਮ ਵਿਚ ਪ੍ਰਾਜੈਕਟਰ ਲੱਗੇ ਹਨ। ਜਿੱਥੇ ਪ੍ਰਾਜੈਕਟਰ ਅਤੇ ਈ ਕੰਟੈਂਟ ਦੇ ਜਰੀਏ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।
ਸਕੂਲ ਵਿਚ ਕੰਪਿਊਟਰ ਲੈਬ ਦਾ ਖਾਸ ਮਹੱਤਵ ਹੈ। ਜਿੱਥੇ ਵਿਦਿਆਰਥੀ ਆਈਟੀ ਦੀਆਂ ਪਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਸਕੂਲ ਦੀ ਵਿਦਿਆਰਥਣ ਦੀਕਸ਼ਾ ਕਹਿੰਦੀ ਹੈ ਕਿ ਸਕੂਲ ਵਿਚ ਵਿਦਿਆਰਥੀਆਂ ਦੇ ਪੜਾਈ ਲਈ ਵਧੀਆ ਹਵਾਦਾਰ ਅਤੇ ਖੁੱਲੇ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ। ਉਥੇ ਹੀ ਵਿਦਿਆਰਥੀਆਂ ਨੂੰ ਅੱਖਰ ਗਿਆਨ ਨਾਲ ਜੋੜਨ ਲਈ ਕਮਰਿਆਂ ਦੀਆਂ ਕੰਧਾਂ ਤੇ ਵਧੀਆ ਚਿੱਤਰਕਾਰੀ ਕੀਤੀ ਗਈ ਹੈ। ਸਕੂਲ ਦੇ ਵਿਹੜੇ ਵਿਚ ਐਜੂਕੇਸ਼ਨਲ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ। ਜਿੱਥੇ ਗਣਿਤ ਅਤੇ ਸਾਇੰਸ ਨੂੰ ਸੌਖੇ ਤਰੀਕੇ ਨਾਲ ਸਮਝਣ ਲਈ ਵਿਦਿਆਰਥੀ ਪਹੁੰਚ ਕਰਦੇ ਹਨ। ਸਕੂਲ ਦੀ ਦੋ ਮੰਜਿਲਾ ਇਮਾਰਤ ਵਿਦਿਆਰਥੀਆਂ ਨੂੰ ਉਚਾਈਆਂ ਤੱਕ ਲਿਜਾਣ ਲਈ ਉਤਸ਼ਾਹਿਤ ਕਰਦੀ ਪ੍ਰਤੀਤ ਹੁੰਦੀ ਹੈ। ਸਕੂਲ ਦਾ ਹਰਿਆ ਭਰਿਆ ਵਾਤਾਵਰਣ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤਯਾਬੀ ਵਿਚ ਯੋਗਦਾਨ ਪਾਉਂਦਾ ਪ੍ਰਤੀਤ ਹੁੰਦਾ ਹੈ।
ਸਕੂਲ ਵਿਚ ਐਨਐਸਕਿਊਐਫ਼ ਤਹਿਤ ਚੱਲ ਰਹੀ ਸਕਿਊਰਟੀ ਲੈਬ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਖੇਤਰ ਵਿਚ ਅੱਗੇ ਲਿਜਾਣ ਲਈ ਰਾਹ ਦਸੇਰਾ ਬਣ ਰਹੀ ਹੈ। ਜਿੱਥੇ ਵਿਦਿਆਰਥੀ ਫੌਜ , ਸਕਿਊਰਟੀ ਅਤੇ ਫਾਇਰ ਬ੍ਰਿਗੇਡ ਵਰਗੇ ਸੁਰੱਖਿਆ ਦੇ ਖੇਤਰ ਵਿਚ ਕੰਮ ਆਉਣ ਵਾਲੇ ਸਾਧਨਾਂ ਬਾਰੇ ਜਾਣਦੇ ਹਨ। ਸਕੂਲ ਵਿਚ ਬਣੀ ਲਾਇਬ੍ਰੇਰੀ ਵੀ ਵਿਦਿਆਰਥੀਆਂ ਨੂੰ ਨਵੇਂ ਰਾਹ ਖੋਜਣ ਲਈ ਪ੍ਰੇਰਿਤ ਕਰ ਰਹੀ ਹੈ। ਸਕੂਲ ਦੀ ਸਾਇੰਸ ਲੈਬ ਵਿਦਿਆਰਥੀਆਂ ਨੂੰ ਵਿਗਿਆਨ ਦੇ ਗੁੱਝੇ ਭੇਦ ਸਮਝਾਉਂਦੀ ਹੈ।
ਸਕੂਲ ਦੇ ਪ੍ਰਿੰਸੀਪਲ ਦੱਸਦੇ ਹਨ ਕਿ ਆਲੇ ਦੁਆਲੇ ਦੇ ਪਿੰਡਾਂ ਤੋਂ ਸਕੂਲ ਵਿਚ ਵਿਦਿਆਰਥਣਾਂ ਨੂੰ ਲਿਆਉਣ ਲਈ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਵਿਦਿਆਰਥਣਾਂ ਦੀ ਸਕੂਲ ਵਿਚ ਆਉਣ ਵਾਲੀ ਦਿੱਕਤ ਅਤੇ ਪ੍ਰੇਸ਼ਾਨੀ ਨੂੰ ਘਟਾਇਆ ਜਾ ਸਕੇ। ਸਕੂਲ ਵਿਚ ਵਿਦਿਆਰਥੀਆਂ ਲਈ ਸਿੱਖਿਆਦਾਇਕ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵਿਦਿਆਰਥੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਚੰਗਾ ਨਮਾਣਾ ਖੱਟ ਰਹੇ ਹਨ ।

English






