ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਤਹਿਤ ਜਾਰੀ ਕਾਰਜਾਂ ਦੀ ਸਮੀਖਿਆ
ਮਗਨਰੇਗਾ ਕਾਮਿਆਂ ਨਾਲ ਕੀਤੀ ਗੱਲਬਾਤ
ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ
ਸ੍ਰੀ ਚਮਕੌਰ ਸਾਹਿਬ, 02 ਨਵਬੰਰ :-
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵਚਨਬੱਧ ਹੈ ਤੇ ਇਸ ਦਿਸ਼ਾ ਵਿੱਚ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਇਹ ਜ਼ਰੂਰੀ ਹੈ ਕਿ ਸਾਰੀਆਂ ਸਰਕਾਰੀ ਸਕੀਮਾਂ ਦਾ ਫ਼ਾਇਦਾ ਹਰ ਯੋਗ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾਵੇ। ਇਹ ਗੱਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਕਤਲੌਰ ਸਮੇਤ ਸ੍ਰੀ ਚਮਕੌਰ ਸਾਹਿਬ ਸਬ ਡਵੀਜ਼ਨ ਦੇ ਵੱਖੋ ਵੱਖ ਪਿੰਡਾਂ ਵਿੱਚ ਮਗਨਰੇਗਾ ਤਹਿਤ ਜਾਰੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਖੀ।
ਇਸ ਮੌਕੇ ਉਹਨਾਂ ਨੇ ਮਗਨਰੇਗਾ ਕਾਮਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਪੈਸੇ ਸਮੇਂ ਸਿਰ ਮਿਲਣ ਬਾਰੇ ਪੁੱਛਿਆ, ਜਿਸ ਬਾਰੇ ਕਾਮਿਆਂ ਨੇ ਤਸੱਲੀ ਪ੍ਰਗਟਾਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਚੰਗਾ ਕੰਮ ਕਰਨ ਵਾਲ਼ੇ ਕਾਮਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸੇ ਦੌਰਾਨ ਕਾਮਿਆਂ ਵਲੋਂ ਪਿੰਡ ਕਤਲੌਰ ਵਿਖੇ ਸ਼ਹਿਰ ਜਾਣ ਸਬੰਧੀ ਬੱਸ ਚਲਾਉਣ ਦੀ ਮੰਗ ਕੀਤੀ ਗਈ, ਜਿਸ ਨੂੰ ਪੂਰਾ ਕਰਨ ਦਾ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ। ਇਸ ਮੌਕੇ ਮਗਨਰੇਗਾ ਕਾਮਿਆਂ ਨੇ ਜੋ ਵੀ ਮੁਸ਼ਕਲਾਂ ਧਿਆਨ ਵਿੱਚ ਲਿਆਂਦੀਆਂ, ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਹੱਲ ਦਾ ਭਰੋਸਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਵੱਖੋ ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਇਹਨਾਂ ਸਕੀਮਾਂ ਦਾ ਸਹੀ ਰੂਪ ਵਿਚ ਲਾਭ ਤਾਂ ਹੀ ਹੈ ਜੇਕਰ ਇਹ ਹਰ ਯੋਗ ਲਾਭਪਾਤਰੀ ਤੱਕ ਪੁੱਜਣ। ਉਹਨਾਂ ਕਿਹਾ ਕਿ ਇਸ ਬਾਬਤ ਪੂਰੀ ਸ਼ਿੱਦਤ ਨਾਲ ਕੰਮ ਕੀਤਾ ਜਾਵੇ ਤੇ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ।
ਇਸ ਮੌਕੇ ਬੀ ਡੀ ਪੀ ਓ ਹਰਕੀਰਤ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

English






