ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਅੱਜ ਮਿਤੀ 24 ਜਨਵਰੀ 2023 ਨੂੰ ਸੁਰਿੰਦਰ ਮਕਸੂਦਪੁਰੀ (ਜਲੰਧਰ) ਦੀ ਕਾਵਿ-ਪੁਸਤਕ ‘ਸ਼ਬਦਾਂ ਦੇ ਸੂਰਜ’ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਯੋਗ ਰਾਜ ¬(ਪ੍ਰੋਫੈਸਰ ਅਤੇ ਮੁਖੀ, ਸ਼ਿਵ ਕੁਮਾਰ ਬਟਾਲਵੀ ਚੇਅਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਵੱਲੋਂ ਕੀਤੀ ਗਈ। ਵਿਸ਼ੇਸ਼ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ ਅਤੇ ਸੁਸ਼ੀਲ ਦੁਸਾਂਝ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਪੁਸਤਕ ਦੇ ਲੇਖਕ ਸੁਰਿੰਦਰ ਮਕਸੂਦਪੁਰੀ ਨੂੰ ‘ਸ਼ਬਦਾਂ ਦੇ ਸੂਰਜ’ ਦੇ ਲੋਕ ਅਰਪਣ ਹੋਣ ਦੀ ਮੁਬਾਰਕਬਾਦ ਦਿੰਦਿਆਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਵੀ ਸਾਂਝੀ ਕੀਤੀ ਗਈ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸੁਰਿੰਦਰ ਮਕਸੂਦਪੁਰੀ ਦੀ ਕਾਵਿ-ਪੁਸਤਕ ‘ਸ਼ਬਦਾਂ ਦੇ ਸੂਰਜ’ ਨੂੰ ਲੋਕ ਅਰਪਣ ਵੀ ਕੀਤਾ ਗਿਆ।
ਡਾ. ਯੋਗ ਰਾਜ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਕਿਹਾ ਕਿ ਸੁਰਿੰਦਰ ਮਕਸੂਦਪੁਰੀ ਦੀ ਕਵਿਤਾ ਸੰਚਾਰਮੁਖੀ ਤੇ ਲੋਕਮੁਖੀ ਹੈ ਅਤੇ ਸਮਝ ਆਉਣ ਵਾਲੀ ਕਵਿਤਾ ਹੈ। ਵਿਸ਼ੇਸ਼ ਮਹਿਮਾਨ ਡਾ. ਲਾਭ ਸਿੰਘ ਖੀਵਾ ਦੁਆਰਾ ਸੁਰਿੰਦਰ ਮਕਸੂਦਪੁਰੀ ਦੀ ਕਵਿਤਾ ਨੂੰ ਲੋਕਯਾਨਿਕ ਦ੍ਰਿਸ਼ਟੀ ਤੋਂ ਵੇਖਦਿਆਂ ਇਸ ਨੂੰ ਵਿਰਾਸਤ ਅਤੇ ਲੋਕ ਰਿਸ਼ਤਿਆਂ ਦੀ ਕਵਿਤਾ ਕਿਹਾ ਗਿਆ।ਸੁਸ਼ੀਲ ਦੁਸਾਂਝ ਨੇ ਕਿਹਾ ਕਿ ਇਹ ਕਵੀ ਅਨੁਭਵਾਂ ਦੀ ਪਹੁੰਚ ਵਾਲਾ ਤੇ ਅਸਿਹਜ ਸਮਿਆਂ ਦਾ ਸਹਿਜ ਕਵੀ ਹੈ।ਸੁਰਿੰਦਰ ਮਕਸੂਦਪੁਰੀ ਵੱਲੋਂ ਆਪਣੀ ਰਚਨਾ ਪ੍ਰਕਿਰਿਆ ਦੀ ਗੱਲ ਕਰਦਿਆਂ ਪੁਸਤਕ ਵਿਚਲੀਆਂ ਆਪਣੀਆਂ ਨਵੀਆਂ ਕਵਿਤਾਵਾਂ ਵੀ ਹਾਜ਼ਰੀਨ ਨੂੰ ਸੁਣਾਈਆਂ।ਇਸ ਤੋਂ ਇਲਾਵਾ ਜਸ਼ਨਪ੍ਰੀਤ ਕੌਰ ਤੇ ਮਨਦੀਪ ਕੌਰ ਵੱਲੋਂ ਸੁਰਿੰਦਰ ਮਕਸੂਦਪੁਰੀ ਦੁਆਰਾ ਰਚਿਤ ਪੁਸਤਕ ‘ਸ਼ਬਦਾਂ ਦੇ ਸੂਰਜ’ ਵਿੱਚ ਸ਼ਾਮਲ ਕਵਿਤਾਵਾਂ ਦਾ ਗਾਇਨ ਕੀਤਾ ਗਿਆ।
ਉੱਘੇ ਕਵੀ ਡਾ. ਸੁਰਿੰਦਰ ਗਿੱਲ, ਡਾ. ਸੁਨੀਤਾ ਰਾਣੀ, ਸੱਚਪ੍ਰੀਤ ਖੀਵਾ, ਜਤਿੰਦਰਪਾਲ ਸਿੰਘ, ਮਨਮੋਹਨ ਲਾਲ ਰਾਹੀ, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ, ਦਰਸ਼ਨ ਤਿਉਣਾ, ਸਰਦਾਰਾ ਸਿੰਘ ਚੀਮਾ, ਦਰਸ਼ਨ ਸਿੰਘ ਬਨੂੜ,ਨਾਨਕ ਸਿੰਘ, ਸਰਵਪ੍ਰੀਤ ਸਿੰਘ, ਮਨਜੀਤਪਾਲ ਸਿੰਘ, ਹਰਚਰਨ ਸਿੰਘ, ਬਲਵਿੰਦਰ ਸਿੰਘ ਮੁਲਤਾਨੀ, ਜਸਵੀਰ ਸਿੰਘ ਗੋਸਲ, ਜਸਪਾਲ ਸਿੰਘ, ਦਿਲਪ੍ਰੀਤ ਚਹਿਲ, ਗੁਰਵਿੰਦਰ ਸਿੰਘ ਵੱਲੋਂ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਦਰਸ਼ਨ ਕੌਰ (ਜ਼ਿਲ੍ਹਾ ਖੋਜ ਅਫ਼ਸਰ) ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ

English






