ਕੈਟਲ ਪੋਂਡ ਵਿਖੇ ਹੋਣ ਵਾਲੇ ਕੰਮਾਂ ਸਬੰਧੀ ਕੀਤੀ ਰਿਵਿਉ ਚਰਚਾ
ਫਾਜ਼ਿਲਕਾ, 2 ਨਵੰਬਰ :-
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਵੱਖ-ਵੱਖ ਅਧਿਕਾਰੀਆਂ ਨਾਲ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਤਹਿਤ ਨਵਾਂ ਸਲੇਮਸ਼ਾਹ ਵਿਖੇ ਚਲਾਈ ਜਾ ਰਹੀ ਕੈਟਲ ਪੋਂਡ ਵਿਖੇ ਹੋਣ ਵਾਲੇ ਕੰਮਾਂ ਸਬਧੀ ਮੀਟਿੰਗ ਕੀਤੀ ਗਈ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਗਉਸ਼ਾਲਾ ਵਿਖੇ ਲੋੜੀਂਦੇ ਸਾਜੋ ਸਮਾਨ ਦੀ ਪੂਰਤੀ ਕੀਤੀ ਜਾਵੇ ਅਤੇ ਗਊਆਂ ਦੀ ਸਾਂਭ-ਸੰਭਾਲ ਵੀ ਰੱਖਣੀ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਗਊਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਗਉਸ਼ਾਲਾ ਵਿਖੇ ਪਹੰੁਚ ਕੇ ਰੋਜਾਨਾ ਪਸ਼ੂਆਂ ਦੀ ਜਾਂਚ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਗਊਆਂ ਦੇ ਰੱਖ-ਰਖਾਵ `ਚ ਕੋਈ ਅਣਗਹਿਲੀ ਨਾ ਵਰਤੀ ਜਾਵੇ।ਉਨ੍ਹਾਂ ਕਿਹਾ ਕਿ ਗਉਆਂ ਦੀ ਖੁਰਾਕ ਦਾ ਵਿਸ਼ੇਸ਼ ਤੌਰ `ਤੇ ਧਿਆਨ ਰੱਖਿਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਗਉਸ਼ਾਲਾ ਵਿਖੇ ਉਚੀ ਨੀਵੀ ਜਗ੍ਹਾਂ ਨੂੰ ਪੱਧਰ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਮਗਨਰੇਗਾ ਕਾਮਿਆਂ ਤੋਂ ਸਹਾਇਤਾ ਲਈ ਜਾਵੇ।ਉਨ੍ਹਾਂ ਗਉਸ਼ਾਲਾ ਵਿਖੇ ਹੋਰ ਹੋਣ ਵਾਲੇ ਕੰਮਾਂ ਦੇ ਐਸਟੀਮੇਟ ਤਿਆਰ ਕਰਨ ਅਤੇ ਬਕਾਇਆ ਕੰਮਾਂ ਨੂੰ ਜਲਦ ਤੋਂ ਜਲਦ ਕਰਨ ਦੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਕਿਹਾ ਕਿ ਪਰਾਲੀ ਦੇ ਰੁਝਾਨ ਨੂੰ ਰੋਕਣ ਲਈ ਪਰਾਲੀ ਨੂੰ ਗਊਆਂ ਦੇ ਹੇਠਾਂ ਵਿਛਾਉਣ ਦੇ ਨਾਲ-ਨਾਲ ਗਊਆਂ ਦੇ ਖੁਆਉਣ ਵਿਖੇ ਕੰਮ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀਆਂ ਗੱਠਾਂ ਬਣਾ ਕੇ ਪਰਾਲੀ ਨੂੰ ਗਉਸ਼ਾਲਾ ਵਿਖੇ ਭੇਜਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਗਊਸ਼ਾਲਾ ਵਿਖੇ ਭਿਜਵਾਉਣ ਲਈ ਕਿਸਾਨ ਵੀਰਾਂ ਅਤੇ ਸਮਾਜ ਸੇਵੀਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜ਼ੋ ਪਰਾਲੀ ਪ੍ਰਬੰਧਨ ਦਾ ਢੁਕਵਾਂ ਹਲ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਰਾਜੀਵ ਛਾਬੜਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਸੁਖਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਸ੍ਰੀ ਰਾਜੇਸ਼ ਗਰੋਵਰ, ਬੀ.ਡੀ.ਪੀ.ਓ ਫਾਜ਼ਿਲਕਾ ਸ੍ਰੀ ਕੰਵਲਜੀਤ ਸਿੰਘ, ਖੇਤੀਬਾੜੀ ਅਫਸਰ ਸ੍ਰੀ ਸੁੰਦਰ ਲਾਲ, ਡਾ. ਅਨਿਲ ਪਾਠਕ, ਕੇਅਰ ਟੇਕਰ ਸੋਨੂ ਕੁਮਾਰ, ਡਾ. ਸਾਹਿਲ ਸੇਤੀਆ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਮੌਜੂਦ ਸਨ।

English






