ਕੋਰੋਨਾ ‘ਤੇ ਕਾਬੂ ਅਤੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਕੇਜਰੀਵਾਲ ਸਰਕਾਰ ਤੋਂ ਸੇਧ ਲੈਣ ਮੁੱਖ ਮੰਤਰੀ
ਲੁਧਿਆਣਾ, 17 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ‘ਸ਼ਾਹੀ ਸਰਕਾਰ’ ਨੇ ਸੂਬੇ ਦੀਆਂ ਖ਼ਸਤਾ-ਹਾਲ ਸਿਹਤ ਸੇਵਾਵਾਂ ਅਤੇ ਸਰਕਾਰੀ ਸਿੱਖਿਆ ਨੂੰ ਹੋਰ ਬਦਤਰ ਬਣਾ ਦਿੱਤਾ।
ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਹਸਤੀਆਂ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਨ ਪੁੱਜੇ ਭਗਵੰਤ ਮਾਨ ਮੀਡੀਆ ਦੇ ਰੂਬਰੂ ਸਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ ਅਤੇ ਗੈਰੀ ਵੜਿੰਗ ਸਮੇਤ ਹੋਰ ਸੀਨੀਅਰ ਆਗੂ ਮੌਜੂਦ ਸਨ।
ਸੂਬੇ ‘ਚ ਦਿਨ ਪ੍ਰਤੀ ਦਿਨ ਫੈਲ ਰਹੀ ਕੋਰੋਨਾ ਮਹਾਂਮਾਰੀ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਭਗਵੰਤ ਮਾਨ ਨੇ ਪਿਛਲੇ 15 ਦਿਨਾਂ ‘ਚ 15 ਹਜ਼ਾਰ ਦੇ ਕਰੀਬ ਨਵੇਂ ਕੇਸ ਅਤੇ ਮੌਤਾਂ ਦੀ ਗਿਣਤੀ 400 ਤੋਂ ਉੱਤੇ ਚਲੀ ਗਈ, ਪਰੰਤੂ ‘ਮੋਤੀਆਂ ਵਾਲੀ ਸਰਕਾਰ’ ਫਾਰਮ ਹਾਊਸ ‘ਚੋਂ ਹੀ ਨਹੀਂ ਨਿਕਲ ਰਹੀ।
ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ‘ਤੇ ਕਾਬੂ ਪਾਉਣ ਲਈ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ‘ਚ ਜਦ ਕੋਰੋਨਾ ਨੇ ਲੁਧਿਆਣਾ ਦੀ ਤਰਾਂ ਕਹਿਰ ਮਚਾਇਆ ਹੋਇਆ ਸੀ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰ ਦੂਜੇ ਦਿਨ ਮੀਡੀਆ ਦੇ ਰੂਬਰੂ ਹੋ ਕੇ ਦਿੱਲੀ ਦੇ ਲੋਕਾਂ ਨੂੰ ਅਪਡੇਟ ਅਤੇ ਜਾਗਰੂਕ ਕਰਦੇ ਸਨ। ਦਿੱਲੀ ਨੇ ਦੇਸ਼ ਦੁਨੀਆ ਦੇ ਸਾਰੇ ਸਫਲ ਮਾਡਲਾਂ ਨੂੰ ਅਪਣਾਇਆ ਅਤੇ ਕੋਰੋਨਾ ‘ਤੇ ਕਾਬੂ ਪਾਇਆ।
ਭਗਵੰਤ ਮਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਜੇਕਰ ਸਰਕਾਰੀ ਹਸਪਤਾਲਾਂ, ਡਿਸਪੈਂਸਰੀਜ਼ ਅਤੇ ਸਰਕਾਰੀ ਸਕੂਲਾਂ ਦੀ ਸੱਚਮੁੱਚ ਸਥਿਤੀ ਸੁਧਾਰਨਾ ਚਾਹੁੰਦੀ ਹੈ ਤਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਮਾਡਲ ਅਪਣਾਉਣਾ ਹੀ ਪਵੇਗਾ।
ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਰਾਜੇ ਨੇ ਆਪਣੇ 129 ਪੰਨਿਆਂ ਦੇ ਮੈਨੀਫੈਸਟੋ ‘ਚੋਂ 29 ਸਤਰਾਂ ਵੀ ਪੂਰੀਆਂ ਨਹੀਂ ਕੀਤੀ। ਉਲਟਾ ਬਾਦਲਾਂ ਦੇ ਮਾਫ਼ੀਆ ਰਾਜ ਦੀ ਸਾਰੀ ਵਾਗਡੋਰ ਆਪਣੇ ਹੱਥ ਲੈ ਲਈ।

English






