ਸਮਾਜ ਦੀ ਤਰੱਕੀ ਵਿੱਚ ਔਰਤਾਂ ਦਾ ਅਹਿਮ ਯੋਗਦਾਨ: ਰਿੰਚਨ ਲਾਮੋ

Sorry, this news is not available in your requested language. Please see here.

ਕੌਮੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਵਲੋਂ ਲੜਕੀਆਂ ਨੂੰ ਤਰੱਕੀ ਦੇ ਵੱਧ ਤੋਂ ਵੱਧ ਮੌਕੇ ਦੇਣ ਦੀ ਲੋੜ ਉੱਤੇ ਜ਼ੋਰ
ਖਰੜ/ ਐੱਸ.ਏ.ਐੱਸ. ਨਗਰ, 26 ਮਾਰਚ :- 
ਕਿਸੇ ਜ਼ਮਾਨੇ ਵਿਚ ਔਰਤਾਂ ਨੂੰ ਸਤੀ ਕਰ ਦਿੱਤਾ ਜਾਂਦਾ ਸੀ ਤੇ ਹੋਰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਹਾਲਾਤ ਬਦਲ ਗਏ ਹਨ ਤੇ ਔਰਤਾਂ ਹਰ ਖੇਤਰ ਵਿਚ ਅੱਗੇ ਆ ਰਹੀਆਂ ਹਨ ਪਰ ਹਾਲੇ ਵੀ ਔਰਤਾਂ ਦੀ ਬਿਹਤਰੀ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਲੜਕੀਆਂ ਨੂੰ ਤਰੱਕੀ ਦੇ ਵੱਧ ਤੋਂ ਵੱਧ ਮੌਕੇ ਦੇਣ ਦੀ ਲੋੜ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਰਿੰਚਨ ਲਾਮੋ ਵੱਲੋਂ ਖਰੜ ਵਿਖੇ ਆਰਿਆ ਸਮਾਜ ਦੀ ਸਥਾਪਨਾ ਸਬੰਧੀ ਕਰਵਾਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ ਗਿਆ।
ਇਸ ਮੌਕੇ ਉਹਨਾਂ ਕਿਹਾ ਕਿ ਉਹ ਲੱਦਾਖ ਖ਼ੇਤਰ ਨਾਲ ਸਬੰਧਿਤ ਹਨ ਤੇ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਬਹੁਤ ਸਕੂਨ ਮਹਿਸੂਸ ਹੋਇਆ ਹੈ। ਸਵਾਮੀ ਦਯਾਨੰਦ ਜੀ ਬਾਰੇ ਵੀ ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ। ਸਵਾਮੀ ਦਯਾਨੰਦ ਜੀ ਨੇ ਔਰਤਾਂ ਦੀ ਬਿਹਤਰੀ ਲਈ ਵੱਡੇ ਉਪਰਾਲੇ ਕੀਤੇ। ਜੇਕਰ ਅਜਿਹੇ ਲੋਕ ਨਾ ਹੁੰਦੇ ਤਾਂ ਅੱਜ ਔਰਤਾਂ ਨੂੰ ਬਣਦਾ ਮਾਣ ਨਾ ਮਿਲਦਾ।
ਸ਼੍ਰੀਮਤੀ ਰਿੰਚਨ ਲਾਮੋ ਨੇ ਕਿਹਾ ਕਿ ਕਾਨੂੰਨ ਬਨਾਉਣ ਵਾਲੀਆਂ ਸੰਸਥਾਵਾਂ ਵਿਚ ਔਰਤਾਂ ਦਾ ਹੋਣਾ ਲਾਜ਼ਮੀ ਹੈ। ਅੱਜ ਵੀ ਕਈ ਥਾਂ ਔਰਤਾਂ ਦੀ ਸਮਰੱਥਾ ਦੀ ਪਛਾਣ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਔਰਤ ਸਮਾਜ ਦਾ ਅਧਾਰ ਹੈ ਤੇ ਔਰਤ ਬਿਨਾਂ ਘਰ, ਘਰ ਨਹੀਂ ਰਹਿੰਦਾ। ਜਿਹੜੇ ਘਰ ਵਿਚ ਮਾਂ, ਧੀਆਂ, ਨੂੰਹਾਂ ਹੁੰਦੀਆਂ ਹਨ, ਉਹ ਸਵਰਗ ਤੋਂ ਘਟ ਨਹੀਂ ਹੁੰਦਾ। ਜੇਕਰ ਔਰਤਾਂ ਘਰ ਚੰਗੀ ਤਰ੍ਹਾਂ ਚਲਾ ਸਕਦੀਆਂ ਹਨ ਤਾਂ ਪ੍ਰਸ਼ਾਸਨ ਤੇ ਕਿਸੇ ਦੇਸ਼ ਨੂੰ ਵੀ ਚੰਗੀ ਤਰ੍ਹਾਂ ਚਲਾ ਸਕਦੀਆਂ ਹਨ।
ਕੌਮੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਨੇ ਕਿਹਾ ਕਿ ਪਰਵਰਿਸ਼ ਵਿਚ ਵੀ ਬਦਲਾਅ ਲੈ ਕੇ ਆਉਣ ਦੀ ਲੋੜ ਹੈ। ਧੀਆਂ ਨੂੰ ਚੰਗੇ ਮੜੇ ਦਾ ਫ਼ਰਕ ਵੀ ਦੱਸੋ ਪਰ ਨਾਲੋ-ਨਾਲ ਉਹਨਾਂ ਨੂੰ ਆਪਣੇ ਹੱਕ ਬਾਰੇ ਬੋਲਣ ਲਈ ਵੀ ਦੱਸਿਆ ਜਾਵੇ। ਅੱਜ ਵੀ ਔਰਤਾਂ ਨੂੰ ਦਾਜ ਦੀ ਭੇਟ ਚਾੜ੍ਹਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਹਨਾਂ ਕਿਹਾ ਕਿ ਔਰਤਾਂ ਦੀ ਬਿਹਤਰੀ ਲਈ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਐੱਸ.ਡੀ.ਐਮ. ਖਰੜ ਸ਼੍ਰੀ ਰਵਿੰਦਰਪਾਲ ਸਿੰਘ, ਵਿਕਾਸ ਗਰਗ ਪ੍ਰਧਾਨ ਆਰਿਆ ਸਮਾਜ ਖਰੜ ਸਮੇਤ ਪਤਵੰਤੇ ਤੇ ਵਿੱਦਿਆਰਥੀ ਹਾਜ਼ਰ ਸਨ।