ਗਿਆਨ ਦਾ ਚਾਣਨ ਵੰਡਣ ਵਾਲੇ ਪ੍ਰੋਜ਼ੈਕਟ ਕਿਤਾਬ ਤਹਿਤ ਰੈਡ ਕ੍ਰਾਸ ਦੀ ਲਾਇਬ੍ਰੇਰੀ ਦਾ ਉਦਘਾਟਨ

Sorry, this news is not available in your requested language. Please see here.

-ਨੌਜ਼ਵਾਨਾਂ ਨੂੰ ਮਿਲੇਗੀ ਚੰਗੀ ਸੇਧ-ਨਰਿੰਦਰਪਾਲ ਸਿੰਘ ਸਵਨਾ
-ਜਿ਼ਲ੍ਹੇ ਵਿਚ ਨੌਜਵਾਨਾਂ ਦੀ ਮੰਗ ਤੇ ਬਣਾਈਆਂ ਜਾਣਗੀਆਂ ਹੋਰ ਲਾਇਬ੍ਰੇਰੀਆਂ-ਹਿਮਾਂਸੂ ਅਗਰਵਾਲ

 

ਫਾਜ਼ਿਲਕਾ 23  ਜੂਨ  :-  ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਗਿਆਨ ਦੀ ਚਾਣਨ ਵੰਡਨ ਲਈ ਪ੍ਰੋਜ਼ੈਕਟ ਕਿਤਾਬ ਲਾਂਚ ਕੀਤਾ ਗਿਆ ਹੈ ਜਿਸ ਤਹਿਤ ਜਿ਼ਲ੍ਹੇ ਦੀ ਪਹਿਲੀ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਫਾਜਿ਼ਲਕਾ ਵਿਖੇ ਕੀਤਾ ਗਿਆ। ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ, ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਹਰਚਰਨ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਵਿਸੇਸ਼ ਤੌਰ ਤੇ ਹਾਜਰ ਸਨ।
ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਉਦੇਸ਼ ਸਾਡੇ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਹੈ ਤਾਂਕਿ ਉਹ ਪੜ੍ਹ ਲਿਖ ਕੇ ਅੱਗੇ ਵੱਧ ਸਕਨ ਅਤੇ ਦੇਸ਼ ਅਤੇ ਸੂਬੇ ਲਈ ਆਪਣਾ ਯੋਗਦਾਨ ਪਾ ਸਕਨ। ਉਨ੍ਹਾਂ ਨੇ ਕਿਹਾ ਕਿ ਇਹ ਲਾਇਬ੍ਰੇਰੀ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਵੇਖੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਉਨ੍ਹਾਂ ਦੀ ਮਦਦਗਾਰ ਬਣੇਗੀ।
ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸ਼ੁਰੂ ਕੀਤੇ  ਇਸ ਪ੍ਰੋਜ਼ੈਕਟ ਤਹਿਤ ਸਾਡੇ ਨੌਜਵਾਨਾਂ ਦੇ ਬੌਧਿਕ ਵਿਕਾਸ ਦੀ ਤਰਜੀਹ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਤਿੰਨ ਲਾਇਬ੍ਰੇਰੀਆਂ ਅੱਜ ਸ਼ਰੂ ਕੀਤੀਆਂ ਜਾ ਰਹੀਆਂ ਹਨ ਪਰ ਭਵਿੱਖ ਵਿਚ ਅਸੀਂ ਹੋਰ ਲਾਇਬ੍ਰੇਰੀਆਂ ਵੀ ਸਥਾਪਿਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਲਾਇਬ੍ਰੇਰੀਆਂ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਿਤਾਬਾਂ, ਮੈਗਜੀਨ ਅਤੇ ਅਖਬਾਰ ਨੌਜਵਾਨਾਂ ਨੂੰ ਉਪਲਬੱਧ ਹੋਣਗੇ ਇਸਤੋਂ ਬਿਨ੍ਹਾਂ ਸਾਹਿਤ ਦੀਆਂ ਕਿਤਾਬਾਂ ਵੀ ਲਾਇਬ੍ਰੇਰੀ ਦੀ ਸੋਭਾ ਬਣ ਰਹੀਆਂ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਥੇ ਦੋ ਹਫਤਿਆਂ ਵਿਚ ਇਕ ਵਾਰ ਕੋਈ ਸੀਨਿਅਰ ਅਧਿਕਾਰੀ ਗੈਸਟ ਲੈਕਚਰ ਦੇਣ ਲਈ ਇੱਥੇ ਆਇਆ ਕਰੇਗਾ ਤਾਂ ਜ਼ੋ ਨੌਜਵਾਨਾਂ ਨੂੰ ਕੈਰੀਅਰ ਸਬੰਧੀ ਅਗਵਾਈ ਮਿਲ ਸਕੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਵਿਚ ਕੰਪਿਊਟਰ ਸਮੇਤ ਫਰੀ ਵਾਈ ਫਾਈ ਦੀ ਸੁਵਿਧਾ ਦਿੱਤੀ ਗਈ ਹੈ। ਇੱਥੋਂ ਨੌਜਵਾਨ ਨੈਸ਼ਨਲ ਡਿਜੀਟਲ ਲਾਈਬ੍ਰੇਰੀ ਰਾਹੀਂ ਦੁਨੀਆਂ ਭਰ ਦੀਆਂ ਕਰੋੜਾਂ ਕਿਤਾਬਾਂ ਪੜ੍ਹ ਸਕਦੇ ਹਨ। ਇਸੇ ਤਰਾਂ ਭਾਰਤ ਸਰਕਾਰ ਦੇ ਦਿਕਸ਼ਾ ਪੋਰਟਲ ਰਾਹੀਂ ਵੀ ਨੌਜਵਾਨਾਂ ਸਿਲੇਬਸ ਦੀਆਂ ਕਿਤਾਬਾਂ, ਵੀਡੀਓ ਲੈਕਚਰ ਆਦਿ ਇਥੋ ਆਨਲਾਈਨ ਵੇਖ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਸ: ਹਰਚਰਨ ਸਿੰਘ ਨੇ ਦੱਸਿਆ ਕਿ ਇਸ ਲਈ ਇੱਛੂਕ ਨੌਜਵਾਨ ਆਨਲਾਈਨ ਜਾਂ ਲਾਇਬ੍ਰੇਰੀ ਵਿਖੇ ਆ ਕੇ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ।
ਇਹ ਲਾਇਬ੍ਰੇਰੀ ਪੂਰੀ ਤਰਾਂ ਏਅਰ ਕੰਡੀਸ਼ਡ ਹੈ ਅਤੇ ਇਸ ਦੇ ਅੰਦਰ ਦਾ ਮਹੌਲ ਮਨ ਨੂੰ ਸਕੂਨ ਦੇਣ ਵਾਲਾ ਹੈ।
ਇਸ ਮੌਕੇ ਸਕੱਤਰ ਰੈਡ ਕ੍ਰਾਸ ਸ੍ਰੀ ਵਿਜੈ ਸੇਤੀਆ, ਨਗਰ ਕੌਸ਼ਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ, ਡੀਡੀਐਫ ਸਿਧਾਰਥ ਤਲਵਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਲਾਇਬ੍ਰੇਰੀ ਦੀ ਮੈਂਬਰਸਿਪ ਪ੍ਰਾਪਤ ਕਰਨ ਵਾਲੇ ਨੌਜਵਾਨ ਹਾਜਰ ਸਨ।