–ਖੇਡ ਮੰਤਰੀ ਵੱਲੋਂ ਮੁਫਤ ਮੈਡੀਕਲ ਕੈਂਪ ਦਾ ਉਦਘਾਟਨ
—-ਸਮਾਜਸੇਵੀ ਕਲੱਬਾਂ ਤੇ ਸੰਸਥਾਵਾਂ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਬਰਨਾਲਾ, 7 ਜੁਲਾਈ :-
ਸਿਹਤ ਅਤੇ ਸਿੱਖਿਆ ਖੇਤਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਹਨ। ਪੰਜਾਬ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਇਸ ਮੁਹਿੰਮ ਵਿੱਚ ਯੋਗਦਾਨ ਪਾਉਣਾ ਬੇਹੱਦ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਉਚੇਰੀ ਸਿੱਖਿਆ ਤੇ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇੱਥੇ ਵਾਈਐੱਸ ਸਕੂਲ, ਬੱਸ ਸਟੈਂਡ ਰੋਡ ਵਿਖੇ ਬਰਨਾਲਾ ਵੈੱਲਫੇਅਰ ਕਲੱਬ ਅਤੇ ਲਾਇਨਜ਼ ਕਲੱਬ ਵੱਲੋਂ ਲਾਏ ਮੁਫਤ ਮੈਡੀਕਲ ਕੈਂਪ ਦੇ ਉਦਘਾਟਨ ਮਗਰੋਂ ਸੰਬੋਧਨ ਕਰਦਿਆਂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਬਿਹਤਰ ਅਤੇ ਆਮ ਲੋਕਾਂ ਲਈ ਪਹੁੰਚਯੋਗ ਬਣਾਉਣ ਲਈ ਅਜਿਹੇ ਸਾਂਝੇ ਉਦਮ ਬੇਹੱਦ ਜ਼ਰੂਰੀ ਹਨ। ਉਨਾਂ ਸਬੰਧਤ ਕਲੱਬਾਂ ਨੂੰ ਮੁਫ਼ਤ ਮੈਡੀਕਲ ਕੈਂਪ ਦੇ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਸਮਾਜਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਨੂੰ ਵੀ ਇਸ ਖੇਤਰ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲਾ ਪੁਲੀਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਉਨਾਂ ਕਿਹਾ ਕਿ ਅੱਜਕੱਲ ਦੀ ਜੀਵਨਸ਼ੈਨੀ ਵਿਚ ਸਿਹਤ ਸਬੰਧੀ ਦਿੱਕਤਾਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਪੇੇਸ਼ ਆ ਰਹੀਆਂ ਹਨ ਤੇ ਮਰੀਜ਼ਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਮਿਲਣੀਆਂ ਬੇਹੱਦ ਜ਼ਰੂਰੀ ਹਨ। ਉਨਾਂ ਕਿਹਾ ਕਿ ਅਜਿਹੇ ਉਪਰਾਲੇ ਕਰਨ ਸਭ ਤੋਂ ਵੱਡਾ ਭਲਾਈ ਦਾ ਕੰਮ ਹੈ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਵਲ ਹਸਪਤਾਲ ਵੱਲੋਂ ਮੋਬਾਈਲ ਮੈਡੀਕਲ ਯੂਨਿਟ ਕੈਂਪ ਵਿੱਚ ਭੇਜੀ ਗਈ ਹੈ, ਜਿਸ ਵਿਚ ਵੱਖ ਵੱਖ ਟੈਸਟਾਂ ਦੀ ਸਹੂਲਤ ਹੈ, ਜੋ ਅੱਜ ਕੈਂਪ ਵਿਚ ਮੁਫਤ ਕੀਤੇ ਗਏ।
ਇਸ ਮੌਕੇ ਪੰਜਾਬ ਕੇੇਸਰੀ ਗਰੁੱਪ ਦੇ ਜ਼ਿਲਾ ਇੰਚਾਰਜ ਵਿਵੇਕ ਸਿੰਧਵਾਨੀ, ਰੋਟਰੀ ਕਲੱਬ ਦੇ ਡਿਸਟਿ੍ਰਕਟ ਗਵਰਨਰ ਘਣਸ਼ਿਆਮ ਕਾਂਸਲ, ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ, ਵਾਈਐਸ ਸਕੂਲ ਦੇ ਡਾਇਰੈਕਟਰ ਵਰੁਣ ਗੋਇਲ, ਗੁਰਦੀਪ ਸਿੰਘ ਬਾਠ, ਹਸਪਨਪ੍ਰੀਤ ਭਾਰਦਵਾਜ, ਪਰਮਿੰਦਰ ਸਿੰਘ ਭੰਗੂ ਤੋਂ ਇਲਾਵਾ ਕਲੱਬਾਂ ਦੇ ਅਹੁਦੇਦਾਰ ਹਾਜ਼ਰ ਸਨ।

English






