ਅਣਗਿਹਲੀ ਕਰਨ ਵਾਲੇ ਅਫ਼ਸਰਾਂ ਖਿਲਾਫ ਐਸਡੀਐਮ ਨੂੰ ਕਾਰਵਾਈ ਕਰਨ ਦੇ ਦਿੱਤੇ ਆਦੇਸ਼
ਰੂਪਨਗਰ, 25 ਜਨਵਰੀ: ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਸਵੇਰੇ ਪ੍ਰੀਤ ਕਲੋਨੀ ਰੋਪੜ ਗਾਂਧੀ ਸਕੂਲ ਦੇ ਸਾਹਮਣੇ ਬਾਰਿਸ਼ ਦੇ ਪਾਣੀ ਦਾ ਨਿਕਾਸ ਨਾ ਹੋਣ ਨਾਲ ਸੜਕਾਂ ਉਤੇ ਖੜੇ ਪਾਣੀ ਦੀ ਸਮੱਸਿਆ ਅਤੇ ਸ਼ਿਵ ਮੰਦਿਰ ਦੇ ਸਾਹਮਣੇ ਸੀਵਰੇਜ ਦਾ ਓਵਰ ਫਲੋਅ ਹੋਣ ਕਾਰਨ ਮੌਕੇ ਉੱਤੇ ਜਾ ਕੇ ਸਮੱਸਿਆ ਦਾ ਨਿਰੀਖਣ ਕੀਤਾ। ਉਨ੍ਹਾਂ ਸੀਵਰੇਜ ਦੇ ਖੜੇ ਪਾਣੀ ਦਾ ਸਮੇਂ ਸਿਰ ਹੱਲ ਨਾ ਕਰਨ ਅਤੇ ਸਮੱਸਿਆ ਪ੍ਰਤੀ ਅਣਗਿਹਲੀ ਕਰਨ ਵਾਲੇ ਅਫ਼ਸਰਾਂ ਖਿਲਾਫ ਮੌਕੇ ਉੱਤੇ ਮੌਜੂਦ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਨਗਰ ਕੌਂਸਲ ਨੂੰ ਜਲਦ ਤੋਂ ਜਲਦ ਪ੍ਰਬੰਧ ਕਰਨ ਲਈ ਹਦਾਇਤ ਕੀਤੀ।
ਉਨ੍ਹਾਂ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਜਾਇਜ਼ਾ ਲੈਂਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੌਕੇ ਉੱਤੇ ਸਮੱਸਿਆ ਵਾਲੀ ਥਾਂ ਉਤੇ ਬੁਲਾਇਆ ਜਿੱਥੇ ਵਿਧਾਇਕ ਨੇ ਇਸ ਸਮੱਸਿਆ ਦਾ ਹੁਣ ਤੱਕ ਕੋਈ ਤਕਨੀਕੀ ਹੱਲ ਨਾ ਕੱਢੇ ਜਾਣ ਬਾਰੇ ਉਨ੍ਹਾਂ ਤੋਂ ਪੁੱਛ-ਪੜਤਾਲ ਵੀ ਕੀਤੀ।
ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਸ਼ਹਿਰ ਵਿਚ ਸੀਵੇਰਜ ਦੀ ਸਮੱਸਿਆ ਵੱਡੇ ਪੱਧਰ ਉੱਤੇ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤ ਕਲੋਨੀ ਤੇ ਗਾਂਧੀ ਸਕੂਲ ਦੇ ਸਾਹਮਣੇ ਵੀ ਥੋੜ੍ਹੀ ਬਰਸਾਤ ਹੋਣ ਨਾਲ ਹੀ ਕਾਫੀ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਕਾਰਨ ਕਲੋਨੀ ਵਾਸੀਆਂ ਅਤੇ ਨੇੜੇ ਸਕੂਲ ਹੋਣ ਕਾਰਨ ਬੱਚਿਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਕਰਨ ਉੱਤੇ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਹੁਣ ਤੱਕ ਇਸ ਸਬੰਧੀ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਥਾਨਕ ਵਾਸੀਆਂ ਦੇ ਦੱਸਣ ਅਨੁਸਾਰ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਦਾਂ ਹੈ ਅਤੇ ਲੋਕਾਂ ਨੂੰ ਗੰਦੇ ਬਦਬੂ ਵਾਲੇ ਪਾਣੀ ਵਿੱਚ ਰਹਿਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਹਲਕਾ ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਅਧਿਕਾਰੀਆ ਤੇ ਕਰਮਚਾਰੀਆਂ ਦੇ ਨਾਲ ਮਿਲ-ਜੁਲ ਕੇ ਸਲਾਹ ਮਸ਼ਵਰੇ ਨਾਲ ਸੀਵਰੇਜ ਦੀ ਸਮੱਸਿਆ ਨੂੰ ਪੱਕੇ ਤੌਰ ਉੱਤੇ ਹੱਲ ਕਰਨ ਲਈ ਆਪਣਾ ਸਹਿਯੋਗ ਜਰੂਰ ਦੇਣ। ਕਿਉੰਕਿ ਸਬੰਧਤ ਇਲਾਕੇ ਦੇ ਲੋਕਾਂ ਨੂੰ ਮਸਲੇ ਨਾਲ ਸੰਬਧਿਤ ਪੂਰਨ ਜਾਣਕਾਰੀ ਹੁੰਦੀ ਹੈ ਕਿ ਇਸ ਨੂੰ ਕਿਸ ਤਰੀਕ਼ੇ ਨਾਲ ਹੱਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਕਾਰਜ ਸਾਧਕ ਅਫਸਰ ਸ. ਅਮਨਦੀਪ ਸਿੰਘ, ਐਮਸੀ ਪੋਮੀ ਸੋਨੀ, ਐਮਸੀ ਰਾਜੂ ਸਤਿਆਲ, ਐਮਸੀ ਪੂਨਮ ਕੱਕੜ, ਐਮਸੀ ਸੋਨੀਆ, ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਸਤਨਾਮ ਸਿੰਘ ਗਿੱਲ, ਐਡਵੋਕੇਟ ਗੌਰਵ ਕਪੂਰ, ਐਡਵੋਕੇਟ ਵਿਕਰਮ ਗਰਗ, ਕੁਲਦੀਪ ਸਿੰਘ, ਨਿਰਮਲ ਸਿੰਘ, ਗੁਰਬਚਨ ਸਿੰਘ, ਗੁਰਮੇਲ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਕਿਰਪਾਲ ਸਿੰਘ, ਅਮਰੀਕ ਸਿੰਘ ਅਤੇ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।

English






