ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਮੋਹਾਲੀ ਯੂਨਿਟ ਵੱਲੋਂ ਸਤੀਸ਼ ਸੈਣੀ ਦਾ ਸਵਾਗਤ

ਰਵਾਇਤੀ ਸਿਆਸੀ ਪਾਰਟੀਆਂ ਦੀ ਤਰ੍ਹਾਂ ਵਾਅਦੇ ਕਰਨ ਦੀ ਬਜਾਇ ਕੰਮ ਕਰਨ ਦੀ ‘ਗਰੰਟੀ’ ਦਿੰਦੀ ਹੈ ਆਮ ਆਦਮੀ ਪਾਰਟੀ : ਸਤੀਸ਼ ਸੈਣੀ
ਮੋਹਾਲੀ, 22 ਜੁਲਾਈ 2021 ਪ੍ਰਸਿੱਧ ਸਮਾਜ ਸੇਵੀ ਅਤੇ ਸਿਟੀਜ਼ਨ ਵੈੱਲਫ਼ੇਅਰ ਫੋਰਮ ਮੋਹਾਲੀ ਦੇ ਪ੍ਰਧਾਨ ਸਤੀਸ਼ ਕੁਮਾਰ ਸੈਣੀ ਦੇ ਦੋ ਦਿਨ ਪਹਿਲਾਂ ਦਿੱਲੀ ਵਿਖੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਨ ਉਪਰੰਤ ਅੱਜ ਪਾਰਟੀ ਦੀ ਜ਼ਿਲ੍ਹਾ ਮੋਹਾਲੀ ਇਕਾਈ ਵੱਲੋਂ ਸ੍ਰੀ ਸੈਣੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮੋਹਾਲੀ ਦੇ ਇੰਚਾਰਜ ਗਵਰਧਨ ਮਿੱਤਲ ਅਤੇ ਸਕੱਤਰ ਪ੍ਰਭਜੋਤ ਕੌਰ ਨੇ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤੀਸ਼ ਸੈਣੀ ਨੇ ਕਿਹਾ ਕਿ ਉਹ ਦਿੱਲੀ ਵਿਖੇ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਦੀ ਚੰਡੀਗਡ਼੍ਹ ਫੇਰੀ ਦੌਰਾਨ ਪੰਜਾਬ ਵਿੱਚ ਸਰਕਾਰ ਬਣਨ ’ਤੇ ਬਿਜਲੀ ਦੇ 300 ਯੂਨਿਟ ਪ੍ਰਤੀ ਮਹੀਨਾ ਮੁਆਫ਼ ਕਰਨ ਦੀ ਦਿੱਤੀ ਗਈ ਗਾਰੰਟੀ ਤੋਂ ਉਨ੍ਹਾਂ ਮਹਿਸੂਸ ਕੀਤਾ ਕਿ ਪਾਰਟੀ ਦੀ ਪੰਜਾਬ ਵਿੱਚ ਵੀ ਦਿੱਲੀ ਮਾਡਲ ਲਾਗੂ ਕਰਨ ਦੀ ਮਨਸ਼ਾ ਹੈ। ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਪਾਰਟੀ ਜੁਆਇਨ ਕੀਤੀ ਅਤੇ ਹੁਣ ਤਨੋਂ ਮਨੋਂ ਪਾਰਟੀ ਦੀ ਸੇਵਾ ਵਿੱਚ ਜੁਟ ਗਏ ਹਨ।
ਸ੍ਰੀ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਇਕਲੌਤੀ ਪਾਰਟੀ ਹੈ ਜਿਹਡ਼ੀ ਚੋਣਾਂ ਦੌਰਾਨ ਵੋਟਰਾਂ ਨਾਲ ਵਾਅਦੇ ਨਹੀਂ ਕਰਦੀ ਸਗੋਂ ਗਰੰਟੀ ਕਰਦੀ ਹੈ। ਚੰਡੀਗਡ਼੍ਹ ਫੇਰੀ ਦੌਰਾਨ ਵੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਵੱਲੋਂ ਬਿਲ ਮੁਆਫ਼ ਕਰਨ ਦੀ ਵੀ ਗਰੰਟੀ ਹੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੋਹਾਲੀ ਸ਼ਹਿਰ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋਡ਼ਿਆ ਜਾਵੇਗਾ ਤਾਂ ਜੋ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ।