ਆਮ ਆਦਮੀ ਪਾਰਟੀ ਨਾਲ ਸੰਬੰਧਤ ਸਰਪੰਚਾਂ ਨੂੰ ਜਾਣਬੁੱਣ ਕੇ ਪ੍ਰੇਸ਼ਾਨ ਕਰ ਰਹੀ ਹੈ ਸਰਕਾਰ
ਪੰਚਾਇਤਾਂ ਦੇ ਖਾਤਿਆਂ ਵਿਚੋਂ ਪੈਸੇ ਖਾਣ ਲਈ ਕੀਤੇ ਜਾ ਰਹੇ ਨੇ ਸਰਪੰਚ ਬਰਖਾਸਤ
ਸੰਗਰੂਰ, 2 ਜੁਲਾਈ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਮੰਤਰੀਆਂ ਵੱਲੋਂ ਪੰਚਾਇਤਾਂ ਦੇ ਪੈਸੇ ਲੁੱਟਣ ਲਈ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਰਪੰਚਾਂ ਨੂੰ ਬਰਖ਼ਾਸਤ ਕਰਕੇ ਪ੍ਰਬੰਧਕ ਲਾਏ ਜਾ ਰਹੇ ਹਨ, ਜਿਸ ਦਾ ਆਮ ਆਦਮੀ ਪਾਰਟੀ ਸਖ਼ਤ ਵਿਰੋਧ ਕਰਦੀ ਹੈ।
ਸ਼ੁਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਪ੍ਰਗਟਾਵਾ ਕੀਤਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਦਰਸ਼ਾਹੀ ਹੁੱਕਮਾਂ ‘ਤੇ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ। ਉਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਸਰਪੰਚ ਗੁਰਮੇਲ ਸਿੰਘ ਨੂੰ ਮੁੜ ਬਹਾਲ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਰ ਦਾ ਘਿਰਾਓ ਕਰੇਗੀ। ਚੀਮਾ ਨੇ ਦੱਸਿਆ ਕਿ ਸਰਪੰਚ ਗੁਰਮੇਲ ਸਿੰਘ ਨੂੰ ਪੰਚਾਇਤ ਵਿਭਾਗ ਨੇ ਪਹਿਲਾਂ ਵੀ ਬਿਨਾਂ ਕਿਸੇ ਕਾਰਨ ਤੋਂ ਬਰਖਾਸਤ ਕਰ ਦਿੱਤਾ ਸੀ, ਪਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਦੇ ਹੁਕਮਾਂ ਨੂੰ ਰੱਦ ਕਰਕੇ ਸਰਪੰਚ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਸਨ। ਉਨਾਂ ਦੋਸ਼ ਲਾਇਆ ਕਿ ਵਿਜੈ ਇੰਦਰ ਸਿੰਗਲਾ ਹਾਈਕੋਰਟ ਦੇ ਹੁੱਕਮਾਂ ਅਤੇ ਪੰਚਾਇਤੀ ਕਾਨੂੰਨ ਨੂੰ ਪੈਰਾ ਹੇਠ ਕੁਚਲ ਰਿਹਾ ਹੈ ਅਤੇ ਉਸ ਨੇ ਸਰਪੰਚ ਗੁਰਮੇਲ ਸਿੰਘ ਫਿਰ ਦੁਬਾਰਾ ਬਰਖਾਸਤ ਕਰਨ ਦੇ ਆਦੇਸ਼ ਜਾਰੀ ਕਰਵਾਏ ਹਨ। ਇਸ ਸਮੇਂ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

English






