ਜ਼ਿਲ੍ਹੇ ਦੀਆਂ ਮੰਡੀਆਂ ’ਚ ਬਾਰਦਾਨੇ ਦੀ ਕੋਈ ਕਮੀ ਨਹੀਂ, ਨਿਰਵਿਘਨ ਹੋ ਰਹੀ ਹੈ ਕਣਕ ਦੀ ਖਰੀਦ : ਡਿਪਟੀ ਕਮਿਸ਼ਨਰ ਕਣਕ ਨੂੰ ਬਾਰਸ਼ ਤੋਂ ਬਚਾਉਣ ਲਈ ਮੰਡੀਆਂ ’ਚ ਤਰਪਾਲਾਂ ਦੀ ਹੈ ਪੂਰੀ ਵਿਵਸਥਾ

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਕੀਤੀ ਗਈ ਵਿਵਸਥਾ ’ਤੇ ਕਿਸਾਨ ਸੰਤੁਸ਼ਟ
ਹੁਸ਼ਿਆਰਪੁਰ, 22 ਅਪ੍ਰੈਲ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਮੰਡੀਆਂ ਵਿੱਚ ਕਾਫੀ ਮਾਤਰਾ ਵਿੱਚ ਬਾਰਦਾਨਾ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਨਿਰਵਿਘਨ ਖਰੀਦ ਲਗਾਤਾਰ ਜਾਰੀ ਹੈ ਅਤੇ ਖਰਾਬ ਮੌਸਮ ਦੇ ਬਾਵਜੂਦ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਨੂੰ ਸਹੀ ਢੰਗ ਨਾਲ ਸੰਭਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬ-ਡਵੀਜਨ ਪੱਧਰ ’ਤੇ ਐਸ.ਡੀ.ਐਮਜ਼ ਵਲੋਂ ਵੀ ਰੋਜ਼ਾਨਾ ਮੰਡੀਆਂ ਦੀ ਚੈਕਿੰਗ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਫ਼ਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਵਾ ਪਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕੀਤੇ ਗਏ ਪ੍ਰਬੰਧਾਂ ਤੋਂ ਕਿਸਾਨ ਖੁੱਸ਼ ਹਨ ਅਤੇ ਉਨ੍ਹਾਂ ਦੀ ਵੇਚੀ ਗਈ ਫ਼ਸਲ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖਰਾਬ ਮੌਸਮ ਦੇ ਕਾਰਨ ਮੰਡੀਆਂ ਵਿੱਚ ਆਈ ਕਣਕ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਵਲੋਂ ਪ੍ਰਬੰਧ ਪਹਿਲਾ ਤੋਂ ਹੀ ਪੂਰੇ ਕਰ ਲਏ ਗਏ ਹਨ ਤਾਂ ਜੋ ਬਾਰਸ਼ ਦੇ ਕਾਰਨ ਕਣਕ ਦੀ ਫ਼ਸਲ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਪਹਿਲਾ ਤੋਂ ਹੀ ਹਦਾਇਤਾਂ ਜਾਰੀ ਕੀਤੀ ਜਾ ਚੁੱਕੀਆਂ ਹਨ ਕਿ ਉਹ ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਨਾਲ ਸੰਪਰਕ ਕਰਕੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਣਕ ਨੂੰ ਬਚਾਉਣ ਦੇ ਲਈ ਤਰਪਾਲਾਂ ਦੀ ਪੂਰੀ ਵਿਵਸਥਾ ਕਰਨ। ਉਨ੍ਹਾਂ ਕਿਹਾ ਕਿ ਜਿਥੇ ਖੁੱਲ੍ਹੇ ਵਿੱਚ ਕਣਕ ਹੈ ਉਥੇ ਬਾਰਸ਼ ਦੇ ਦੌਰਾਨ ਤਰਪਾਲਾਂ ਨਾਲ ਚੰਗੀ ਤਰ੍ਹਾਂ ਕਣਕ ਨੂੰ ਢੱਕਿਆ ਗਿਆ ਹੈ।
ਅਪਨੀਤ ਰਿਆਤ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਿਹਤ ਪ੍ਰੋਟੋਕੋਲ ਦੀ ਪੂਰੀ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਉਥੇ ਕੋਵਿਡ ਟੈਸਟਿੰਗ ਤੋਂ ਇਲਾਵਾ ਟੀਕਾਕਰਣ ਵੀ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੰਡੀ ਅਫ਼ਸਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਨੂੰ ਬਾਰਸ਼ ਤੋਂ ਬਚਾਉਣ ਦੇ ਲਈ ਉਚਿਤ ਪ੍ਰਬੰਧ ਹਨ ਅਤੇ ਖਰਾਬ ਮੌਸਮ ਵਿੱਚ ਢੇਰੀਆਂ ਨੂੰ ਤਿਰਪਾਲਾਂ ਨਾਲ ਢੱਕਿਆ ਜਾ ਰਿਹਾ ਹੈ।