…ਰਾਘਵ ਚੱਢਾ, ਹਰਪਾਲ ਸਿੰਘ ਚੀਮਾ ਅਤੇ ਬੀਬੀ ਮਾਣੂੰਕੇ ਨੇ ਕੀਤਾ ਸਵਾਗਤ
….ਸੈਂਕੜੇ ਸਮਰਥਕਾਂ ਸਮੇਤ ‘ਆਪ’ ‘ਚ ਹੋਏ ਸ਼ਾਮਿਲ ਬੱਗਾ ਨੇ ਕੇਜਰੀਵਾਲ ਨੂੰ ਦੱਸਿਆ ਇੱਕੋ-ਇੱਕ ਉਮੀਦ
ਲੁਧਿਆਣਾ, 18 ਜੁਲਾਈ
ਆਮ ਆਦਮੀ ਪਾਰਟੀ ( ਆਪ) ਨੂੰ ਐਤਵਾਰ ਉਦੋਂ ਤਕੜਾ ਹੁਲਾਰਾ ਮਿਲਿਆ ਜਦੋਂ ਬਾਦਲਾਂ ਦੇ ਬੇਹੱਦ ਕਰੀਬੀ ਰਹੇ ਵੱਡੇ ਆਗੂ ਚੌਧਰੀ ਮਦਨ ਲਾਲ ਬੱਗਾ ਭਾਰੀ ਗਿਣਤੀ ‘ਚ ਸਾਥੀਆਂ ਅਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਐਤਵਾਰ ਨੂੰ ਇੱਥੇ ਕਰਵਾਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ‘ਚ ਉਚੇਚੇ ਤੌਰ ‘ਤੇ ਪੁੱਜੇ ਪਾਰਟੀ ਦੇ ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਨੇ ਚੌਧਰੀ ਮਦਨ ਲਾਲ ਬੱਗਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰਵਾਈ। ਇਸ ਮੌਕੇ ‘ਆਪ’ ਦੀ ਸਥਾਨਕ ਲੀਡਰਸ਼ਿਪ ‘ਚ ਅਮਨਦੀਪ ਸਿੰਘ ਮੋਹੀ, ਰਜਿੰਦਰ ਪਾਲ ਕੌਰ ਛੀਨਾ, ਮੈਡਮ ਤੇਜੀ ਸੰਧੂ, ਸ਼ਰਨਪਾਲ ਮੱਕੜ, ਅਮਿਤ ਸ਼ਰਮਾ ਲਾਡੀ, ਤਰਸੇਮ ਸਿੰਘ ਭਿੰਡਰ, ਭੋਲਾ ਗਰੇਵਾਲ, ਬਲਬੀਰ ਚੌਧਰੀ, ਦੀਪੇਂਦਰ ਸਿੰਘ ਅਤੇ ਹੋਰ ਆਗੂ ਮੌਜੂਦ ਸਨ।
ਇਸ ਮੌਕੇ ਚੌਧਰੀ ਮਦਨ ਲਾਲ ਬੱਗਾ ਅਤੇ ਸਾਥੀਆਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਪੂਰੀ ਲੀਡਰਸ਼ਿਪ ਵੱਲੋਂ ਜੀ ਆਇਆਂ ਕਹਿੰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਮਦਨ ਲਾਲ ਬੱਗਾ ਦੀ ਸ਼ਮੂਲੀਅਤ ਨਾਲ ‘ਆਪ’ ਨਾ ਕੇਵਲ ਲੁਧਿਆਣਾ ਸਗੋਂ ਪੂਰੇ ਪੰਜਾਬ ਵਿੱਚ ਮਜ਼ਬੂਤ ਹੋਈ ਹੈ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਦੇ ਲੋਕ ਹਿਤੈਸ਼ੀ ਵਿਕਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ ‘ਆਪ’ ਦੇ ਪਰਿਵਾਰ ਦਾ ਹਿੱਸਾ ਬਣਨ ਵਾਲੇ ਮਦਨ ਲਾਲ ਬੱਗਾ ਨਾਲ ਲੁਧਿਆਣਾ ‘ਚ ਬਾਦਲ ਐਂਡ ਪਾਰਟੀ ਦਾ ਸਫ਼ਾਇਆ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਚ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ।
ਇਸ ਮੌਕੇ ਮਦਨ ਲਾਲ ਬੱਗਾ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ‘ਚ ਕੀਤੇ ਕ੍ਰਾਂਤੀਕਾਰੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਦਾ ਬਿਨਾ ਸ਼ਰਤ ਪੱਲਾ ਫੜ ਰਹੇ ਹਨ।
ਜ਼ਿਕਰਯੋਗ ਹੈ ਕਿ ਚੌਧਰੀ ਮਦਨ ਲਾਲ ਬੱਗਾ ਅਕਾਲੀ ਦਲ ਬਾਦਲ ਦੇ ਪੀ.ਏ.ਸੀ ਦੇ ਮੈਂਬਰ, ਵਪਾਰ ਅਤੇ ਉਦਯੋਗਿਕ ਵਿੰਗ ਦੇ ਸੀਨੀਅਰ ਉਪ ਪ੍ਰਧਾਨ ਸਨ। ਇਸ ਤੋਂ ਬਿਨਾਂ ਉਹ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਚ ਰਾਜ ਮੰਤਰੀ ਦੇ ਰੁਤਬੇ ਤਹਿਤ ਵਪਾਰ ਬੋਰਡ ਪੰਜਾਬ ਦੇ ਵਾਇਸ ਚੇਅਰਮੈਨ ਅਤੇ ਸ਼ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਅਤੇ ਦੋ ਵਾਰ ਕੌਂਸਲਰ ਵੀ ਰਹੇ ਹਨ।

English






