ਹਲਕੇ ਲੱਛਣ ਮਹਿਸੂਸ ਹੋਣ ’ਤੇ ਮੁਢਲੇ ਪੜਾਅ ਵਿਚ ਹੀ ਕਰਾਓ ਕਰੋਨਾ ਟੈਸਟ: ਸਿਵਲ ਸਰਜਨ

ਕਰੋਨਾ ਦਾ ਫੈਲਾਅ ਰੋਕਣ ਲਈ ਟੈਸਟ ਕਾਰਗਰ ਕਰਾਰ

*ਹੁਣ ਤਕ ਜ਼ਿਲ੍ਹਾ ਬਰਨਾਲਾ ‘ 56993 ਖੁਰਾਕਾਂ ਵੈਕਸੀਨ  ਲਗਾਈ

ਬਰਨਾਲਾ, 10 ਮਈ

ਹਲਕੇ ਲੱਛਣਾਂ ਵਾਲੇ ਮਰੀਜ਼ ਜੇਕਰ ਤੁਰੰਤ ਸਵੈ-ਇੱਛਾ ਨਾਲ ਕੋਰੋਨਾ ਟੈਸਟ ਕਰਵਾ ਕੇ ਲੋੜੀਂਦੇ ਇਹਤਿਆਤ ਵਰਤਣ ਤਾਂ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਿਆ ਜਾ ਸਕਦਾ ਹੈ। ਨਾਲ ਹੀ ਇਸ ਬਿਮਾਰੀ ਖਿਲਾਫ ਟੀਕਾਕਰਣ ਅਤੇ ਮਾਸਕ ਪਾਉਣ, ਵਾਰ-ਵਾਰ ਹੱਥ ਧੋਣ ਅਤੇ ਸਮਾਜਕ ਦੂਰੀ ਬਣਾਏ ਰੱਖਣ ਨਾਲ ਇਸ ਨੂੰ ਹਰਾਇਆ ਜਾ ਸਕਦਾ ਹੈ।

ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਕੀਤਾ। ਉਨ੍ਹਾਂ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਦੇ ਮੁਢਲੇ ਲੱਛਣ ਜਿਵੇਂ ਗਲਾ ਖਰਾਬ, ਖਾਂਸੀ, ਜ਼ੁਕਾਮ, ਬੁਖਾਰ ਆਦਿ ਹੋਣ ’ਤੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਕੋਰੋਨਾ ਟੈਸਟ ਕਰਾਉਣਾ ਚਾਹੀਦਾ ਹੈ, ਜੋ ਕਿ ਬਿਲਕੁਲ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਮੁਢਲੀ ਸਟੇਜ ’ਤੇ ਟੈਸਟ ਕਰਾਉਣ ਦਾ ਇਹ ਲਾਭ ਹੋਵੇਗਾ ਕਿ ਮਰੀਜ਼ਾਂ ਘਰ ਵਿਚ ਇਕਾਂਤਵਾਸ ਹੋ ਸਕੇਗਾ ਅਤੇ ਕਰੋਨਾ ਦਾ ਫੈਲਾਅ ਹੋਰ ਲੋਕਾਂ ਤੱਕ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਘਰ ਵਿਚ ਇਲਾਜ ਸਮੇਂ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਸਮੇਂ-ਸਮੇਂ ’ਤੇ ਮਰੀਜ਼ ਦੀ ਨਿਗਰਾਨੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਟੈਸਟ ਕਰਾਉਣ ਵਿਚ ਦੇਰੀ ਹੋ ਜਾਂਦੀ ਹੈ ਤਾਂ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ, ਜਿਸ ਕਾਰਨ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਹੋ ਕੇ ਇਲਾਜ ਕਰਾਉਣਾ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਿਰ ਟੈਸਟ ਅਤੇ ਇਲਾਜ ਨਾ ਕਰਵਾਉਣ ਨਾਲ ਕਈ ਵਾਰ ਖਤਰਾ ਵਧ ਜਾਂਦਾ ਹੈ।

ਜ਼ਿਲ੍ਹਾ ਬਰਨਾਲਾ ‘ਚ ਹੁਣ ਤਕ ਕੀਤੇ ਗਏ ਟੀਕਾਕਰਣ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਵਿਚ 56993 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਤੱਕ 2096 ਸਿਹਤ ਕਰਮੀਆਂ ਨੂੰ ਪਹਿਲੀ ਖੁਰਾਕ ਅਤੇ 1034 ਕਰਮੀਆਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਫਰੰਟ ਲਾਈਨ ਵਰਕਰਾਂ ਨੂੰ 11377 ਨੂੰ  ਪਹਿਲੀ ਖੁਰਾਕ ਅਤੇ 2012 ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। 35769 ਪਹਿਲੀ ਵਾਰ ਦੀਆਂ ਖੁਰਾਕਾਂ ਅਤੇ 4705 ਦੂਜੀ ਵਾਰ ਦੀਆਂ ਖੁਰਾਕਾਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ।

ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਸਾਵਧਾਨੀਆਂ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਢਕ ਕੇ ਰੱਖਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਣ ਆਦਿ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੇੜੇ ਦੇ ਸਿਹਤ ਕੇਂਦਰ ਜਾ ਕੇ ਵਾਰੀ ਆਉਣ ’ਤੇ ਕੋਰੋਨਾ ਟੀਕਾਕਰਨ ਵੀ ਜ਼ਰੂਰ ਕਰਾਉਣਾ ਚਾਹੀਦਾ ਹੈ।