ਅਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਵਿੱਦਿਅਕ ਮੁਕਾਬਲਿਆਂ ‘ਚ ਪਟਿਆਲਵੀਆਂ ਦੀ ਝੰਡੀ

District Education Officer (DEO) Engg. Amarjit Singh
District Education Officer (DEO) Engg. Amarjit Singh

ਪਟਿਆਲਾ 20 ਜੂਨ,2021- 
ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਸਹਿ ਵਿੱਦਿਅਕ ਮੁਕਾਬਲਿਆਂ ਦੇ ਲੇਖ ਮੁਕਾਬਲਿਆਂ ‘ਚ ਪਟਿਆਲਾ ਜ਼ਿਲ੍ਹੇ ਦੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਰਿਕਾਰਡ ਤੋੜ ਭਾਗੀਦਾਰੀ ਕੀਤੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਵਿੰਗ ਦੇ ਲੇਖ ਮੁਕਾਬਲਿਆਂ ‘ਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 12149 ਵਿਦਿਆਰਥੀਆਂ ਨੇ ਹਿੱਸਾ ਲੈ ਕੇ, ਰਾਜ ਭਰ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਦੋਂ ਕਿ ਦੂਸਰੇ ਸਥਾਨ ‘ਤੇ ਰਹੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1475 ਅਤੇ ਤੀਸਰੇ ਸਥਾਨ ‘ਤੇ ਰਹੇ ਸੰਗਰੂਰ ਜ਼ਿਲ੍ਹੇ ਦੇ 835 ਵਿਦਿਆਰਥੀਆਂ ਨੇ ਉਕਤ ਮੁਕਾਬਲਿਆਂ ‘ਚ ਸ਼ਮੂਲੀਅਤ ਕੀਤੀ। ਪਟਿਆਲਾ ਜ਼ਿਲ੍ਹੇ ਦੇ 16 ਬਲਾਕਾਂ ‘ਚੋਂ ਪ੍ਰਤੀ ਬਲਾਕ ਔਸਤਨ 759 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਔਸਤ ‘ਚ ਵੀ ਪਟਿਆਲਾ ਜ਼ਿਲ੍ਹਾ ਰਾਜ ਭਰ ‘ਚੋਂ ਪਹਿਲੇ ਸਥਾਨ ‘ਤੇ ਰਿਹਾ।
ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਪਟਿਆਲਾ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰਜ਼, ਹੈੱਡ ਟੀਚਰਜ਼ ਤੇ ਅਧਿਆਪਕਾਂ ਦੀ ਯੋਗ ਅਗਵਾਈ ਨੇ ਰੰਗ ਦਿਖਾਇਆ ਹੈ। ਜਿਨ੍ਹਾਂ ਦੀ ਬਦੌਲਤ ਹੀ ਸਕੂਲੀ ਵਿਦਿਆਰਥੀਆਂ ਨੇ ਹਜ਼ਾਰਾਂ ਦੀ ਗਿਣਤੀ ‘ਚ ਮੁਕਾਬਲੇ ‘ਚ ਹਿੱਸਾ ਲਿਆ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਇਸ ਕਾਰਜ ਲਈ ਸਹਿਯੋਗੀ ਕਰਾਰ ਦਿੱਤਾ। ਡੀ.ਈ.ਓ. (ਐਲੀ.ਸਿੱ.) ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ‘ਚ ਨਵੀਂ ਪੀੜ੍ਹੀ ਦੀ ਵੱਧ ਤੋਂ ਵੱਧ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਬਾਰੇ ਜਾਣੂ ਹੋ ਸਕਣ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਵੱਧ ਤੋਂ ਵੱਧ ਜੁੜ ਸਕਣ।