ਇਹ ਕੈਂਪ ਇੱਕ ਸਾਲ ਲਈ, ਹਰ ਮਹੀਨੇ ਦੀ 15 ਤਰੀਕ ਨੂੰ ਲੱਗਣਗੇ
ਲੁਧਿਆਣਾ, 17 ਸਤੰਬਰ 2021 ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ ਮਨਾਉਣ ਲਈ ਦੇਸ਼ ਦੇ ਸਾਰੇ ਖੇਤਰਾਂ ਵਿੱਚ ਇੱਕ ਸਾਲ ਲਈ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਹਰ ਮਹੀਨੇ ਦੀ 15 ਤਰੀਕ ਨੂੰ ਮੈਡੀਕਲ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਿਸਦੇ ਤਹਿਤ 15 ਸਤੰਬਰ, 2021 ਨੂੰ ਮੈਸਰਜ਼ ਰਾਲਸਨ (ਇੰਡੀਆ) ਲਿਮਟਿਡ, ਰਾਲਸਨ ਨਗਰ, ਜੀਟੀ ਰੋਡ, ਲੁਧਿਆਣਾ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ ਆਦਰਸ਼ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਕਾਰਪੋਰੇਸ਼ਨ ਦੇ ਉਪ ਖੇਤਰੀ ਦਫਤਰ, ਲੁਧਿਆਣਾ ਦੁਆਰਾ ਇਸ ਮੌਕੇ ਕੈਂਪ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ :-ਮਿਸ਼ਨ ਤੰਦਰੁਸਤ ਪੰਜਾਬ ਦੁੱਧ ਖਪਤਕਾਰ ਜਾਗਰੂਕਤਾ ਕੈਂਪ
ਕੈਂਪ ਵਿੱਚ 165 ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਆਯੁਰਵੈਦਿਕ ਦਵਾਈਆਂ ਵੀ ਦਿੱਤੀਆਂ ਗਈਆਂ। ਇਸਦੇ ਨਾਲ ਹੀ, ਬੀਮਾਯੁਕਤ ਵਿਅਕਤੀਆਂ ਨੂੰ ਈ.ਐਸ.ਆਈ.ਸੀ. ਦੇ ਵੱਖ-ਵੱਖ ਲਾਭਾਂ ਦੇ ਨਾਲ-ਨਾਲ ਨਵੀਨਤਮ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ।
ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਪ੍ਰਭਾਵਿਤ ਬੀਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ, ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਕੋਵਿਡ-19 ਰਾਹਤ ਸਕੀਮ ਅਤੇ ਅਟਲ ਬਿਮਿਤ ਵਿਅਕਤੀ ਕਲਿਆਣ ਯੋਜਨਾ ਨੂੰ ਲਾਗੂ ਕਰਨ ਦਾ ਵਿਸ਼ੇਸ਼ ਤੌਰ ‘ਤੇ ਵਿਸਤਾਰ ਕੀਤਾ ਗਿਆ ਹੈ, ਜਿਸ ਦੇ ਤਹਿਤ ਜੇਕਰ ਬੀਮਾਯੁਕਤ ਕੋਵਿਡ-19 ਕਰਕੇ ਵਿਅਕਤੀ ਬੇਰੁਜ਼ਗਾਰ ਹੁੰਦਾ ਹੈ ਤਾਂ 90 ਦਿਨਾਂ ਤੱਕ ਔਸਤ ਮਜ਼ਦੂਰੀ ਦਾ 50 ਫੀਸਦ ਭੁਗਤਾਨ ਸਿੱਧਾ ਕਰਮਚਾਰੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ ਅਤੇ ਕੋਵਿਡ-19 ਕਾਰਨ ਬੀਮਾਯੁਕਤ ਵਿਅਕਤੀ ਦੀ ਮੌਤ ਹੋਣ ਦੀ ਸਥਿਤੀ ਵਿੱਚ, ਆਸ਼ਰਿਤਾਂ ਨੂੰ ਬੀਮਾਯੁਕਤ ਦੀ ਆਖਰੀ ਉਜਰਤ ਦਾ 90 ਫੀਸਦ ਤੱਕ ਮਹੀਨਾਵਾਰ ਪੈਨਸ਼ਨ ਦਾ ਭੁਗਤਾਨ ਕੀਤਾ ਜਾਂਦਾ ਹੈ।ਹਾਲ ਹੀ ਵਿੱਚ, ਨਿਗਮ ਦੁਆਰਾ ਅਟਲ ਬਿਮਿਤ ਵਿਅਕਤੀ ਕਲਿਆਣ ਯੋਜਨਾ ਦੀ ਸਮਾਂ ਸੀਮਾ 30 ਜੂਨ 2022 ਤੱਕ ਵਧਾ ਦਿੱਤੀ ਗਈ ਹੈ।
ਕੈਂਪ ਵਿੱਚ ਸ਼੍ਰੀ ਸਤਿਆਵਾਨ ਸਿੰਘ (ਸਹਾਇਕ ਨਿਰਦੇਸ਼ਕ), ਸ਼੍ਰੀ ਸੰਦੀਪ ਸਲੂਜਾ (ਸਮਾਜਕ ਸੁਰੱਖਿਆ ਅਫਸਰ), ਸ਼੍ਰੀਮਤੀ ਅਕਾਂਕਸ਼ਾ ਰਹੇਜਾ (ਸਮਾਜਿਕ ਸੁਰੱਖਿਆ ਅਫਸਰ) ਦੇ ਨਾਲ ਡਾ: ਪੂਜਾ ਮਜੋਤਰਾ (ਐਸ.ਐਮ.ਓ, ਆਯੁਰਵੈਦ) ਅਤੇ ਉਨ੍ਹਾਂ ਦੀ ਮੈਡੀਕਲ ਟੀਮ ਨੇ ਭਾਗ ਲਿਆ।
ਮੈਸਰਜ਼ ਰਾਲਸਨ (ਇੰਡੀਆ) ਲਿਮਟਿਡ ਦੇ ਪ੍ਰਬੰਧਨ ਦੁਆਰਾ ਕਰਮਚਾਰੀ ਰਾਜ ਬੀਮਾ ਨਿਗਮ ਦੇ ਇਸ ਯਤਨਾਂ ਦੀ ਸ਼ਲਾਘਾ ਕੀਤੀ ਗਈ। ਮੈਸਰਜ਼ ਰੈਲਸਨ ਇੰਡੀਆ ਲਿਮਟਿਡ ਦੇ ਉਪ ਪ੍ਰਧਾਨ ਸ਼੍ਰੀ ਦੀਪਕ ਚੌਹਾਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਮਾਗਮ ਕਰਮਚਾਰੀ ਰਾਜ ਬੀਮਾ ਨਿਗਮ ਦੀ ਇੱਕ ਚੰਗੀ ਪਹਿਲ ਹੈ ਤਾਂ ਜੋ ਮਾਲਕ ਅਤੇ ਬੀਮਾਯੁਕਤ ਵਿਅਕਤੀ ਸਿਹਤ ਜਾਂਚ ਦੇ ਨਾਲ ਨਿਗਮ ਦੀਆਂ ਵੱਖ-ਵੱਖ ਯੋਜਨਾਵਾਂ ਤੋਂ ਜਾਣੂ ਹੋ ਸਕਣ। ਉਨ੍ਹਾਂ ਕਰਮਚਾਰੀ ਰਾਜ ਬੀਮਾ ਨਿਗਮ ਦੇ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ।

English






