ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀ ਹੈਲਪ ਲਾਈਨ ਨੰਬਰਾਂ ਦਾ ਲਾਭ ਲੈਣ – ਵਧੀਕ ਡਿਪਟੀ ਕਮਿਸ਼ਨਰ

ਮਿਸ਼ਨ ਫਤਹਿ 
ਮੋਗਾ, 22 ਅਪ੍ਰੈਲ 
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੀਤਾ ਦਰਸ਼ੀ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਨੇ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰਨ ਦਿੱਤੇ ਹਨ ਜਿਸ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਨਾਲ ਲੜਨ ਲਈ ਹਰ ਪੱਖੋਂ ਤਿਆਰ ਹੈ। ਉਹਨਾਂ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਉਹ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ, ਹੱਥਾਂ ਨੂੰ ਵਾਰ ਵਾਰ ਧੋਣ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚਿਆ ਜਾ ਸਕੇ।
ਸ਼੍ਰੀਮਤੀ ਦਰਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰੋਨਾ ਦੇ ਮਾਮਲਿਆਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਦੀ ਸਹੂਲਤ ਲਈ ਦੋ ਵਟਸਐੱਪ ਸਹਾਇਤਾ ਨੰਬਰ (8360630465, 8360722884) ਚਾਲੂ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਲੋਕ ਉਕਤ ਨੰਬਰਾਂ ਉੱਤੇ ਆਪਣਾ ਨਾਮ, ਪਤਾ, ਮੋਬਾਈਲ ਨੰਬਰ ਅਤੇ ਸੰਖੇਪ ਸ਼ਬਦਾਂ ਵਿਚ ਪੇਸ਼ ਆ ਰਹੀ ਮੁਸ਼ਕਿਲ (ਕਰੋਨਾ ਸਮੇਤ) ਬਾਰੇ ਜਾਣਕਾਰੀ ਦੇ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹਨਾਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਢੁਕਵਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਲੋਕ ਇਹਨਾਂ ਨੰਬਰਾਂ ਉਤੇ ਆਪਣੇ ਸੁਝਾਅ ਅਤੇ ਹੋਰ ਜਾਣਕਾਰੀ ਵੀ ਭੇਜ ਸਕਦੇ ਹਨ।
ਪੰਜਾਬ ਵਿੱਚ ਕੋਵਿਡ-19 ਦੇ ਪੋਜ਼ਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਦਰਸ਼ੀ ਨੇ ਵਸਨੀਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਕੰਮ ਲਈ ਸਰਕਾਰੀ ਦਫ਼ਤਰਾਂ ਵਿੱਚ ਸਰੀਰਕ ਤੌਰ ਉੱਤੇ ਆਉਣ ਜਾਣ ਦੀ ਬਜਾਏ ਉਨ੍ਹਾਂ ਨੂੰ ਆਪਣੀਆਂ ਦਰਖ਼ਾਸਤਾਂ/ਸ਼ਿਕਾਇਤਾਂ/ਯਾਦ ਪੱਤਰਾਂ ਨੂੰ ਈ-ਮੇਲ/ਵਟਸਐਪ/ਫੋਨ ਰਾਹੀਂ ਹੀ ਜਮਾਂ ਕਰਾਉਣ। ਉਹਨਾਂ ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।