ਅੰਮ੍ਰਿਤਸਰ, 31 ਮਈ, 2021 ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਰਾਸ਼ਟਰੀ ਅਰੰਭੀ ਗਈ ਲੈਕਚਰ ਲੜੀ ਅਧੀਨ 11ਵਾਂ ਲੈਕਚਰ ਅਯੋਜਿਤ ਕੀਤਾ ਗਿਆ।ਇਸ ਲੈਕਚਰ ਦੇ ਵਕਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਤੇ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ ਸਨ। ਪ੍ਰੋਗਰਾਮ ਦੀ ਅਰੰਭਤਾ ਕਰਦਿਆਂ ਪ੍ਰੋ. ਅਮਨਦੀਪ ਬਲ, ਮੁਖੀ ਇਤਿਹਾਸ ਵਿਭਾਗ ਨੇ ਵਿਦਵਾਨ ਵਕਤਾ ਨਾਲ ਜਾਣ ਪਹਿਚਾਣ ਕਰਵਾਈ ਤੇ ਲੈਕਚਰ ਲੜੀ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਜਸਪਾਲ ਕੌਰ ਨੇ ਸਿੱਖ ਧਰਮ ਵਿਚ ਸ਼ਹਾਦਤ ਦੇ ਸੰਕਲਪ ਤੇ ਮਹੱਤਵ ਬਾਰੇ ਚਰਚਾ ਕਰਦਿਆਂ ਇਸ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ’ਤੇ ਅਧਾਰਿਤ ਦੱਸਿਆ। ਇਸ ਬਾਰੇ ਉਨ੍ਹਾਂ ਨੇ ‘ਜਉ ਤਉ ਪ੍ਰੇਮ ਖੇਲਣ ਕਾ ਚਾਉ।ਸਿਰੁ ਧਰਿ ਤਲੀ ਗਲੀ ਮੇਰੀ ਆਉ’ ਸਲੋਕ ਵਿਚ ਪ੍ਰਗਟਾਏ ਵਿਚਾਰ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਪੱਛਮੀ ਵਿਦਵਾਨ ਲੁਇਸ ਫੈਂਕ ਵਲੋਂ ‘ਮਾਟਅਟਡਮ ਇਨ ਸਿੱਖ ਟਰਅਡਿਸ਼ਨ- ਪਲੇਇੰਗ ਦਾ ਗੇਮ ਆਫ ਲਵ’ ਪੁਸਤਕ ਅੰਦਰ ਸਿੱਖ ਧਰਮ ਵਿਚ ਸ਼ਹਾਦਤ ਦੀ ਪਰੰਪਰਾ ਬਾਰੇ ਸਿੰਘ ਸਭਾ ਲਹਿਰ ਦੇ ਸੰਦਰਭ ਵਿਚ ਕੀਤੀਆਂ ਟਿੱਪਣੀਆਂ ਨਾਲ ਅਸਹਿਮਤੀ ਜਤਾਉਂਦਿਆਂ ਸਪਸ਼ਟ ਕੀਤਾ ਕਿ ਉਕਤ ਵਿਦਵਾਨ ਨੇ ਆਪਣੀ ਪੁਸਤਕ ਵਿਚ ਸਿੱਖ ਧਰਮ ਦੀ ਇਸ ਮਹੱਤਵਪੂਰਨ ਪਰੰਪਰਾ ਬਾਰੇ ਗਲਤ ਤੇ ਸ੍ਵੈ-ਵਿਰੋਧੀ ਵਿਚਾਰ ਪ੍ਰਗਟਾਏ ਹਨ।ਉਨ੍ਹਾਂ ਅਨੁਸਾਰ ਸ਼ਹਾਦਤ ਦੇ ਸੰਕਲਪ ਦਾ ਸਿੱਖ ਧਰਮ ਅਤੇ ਪੰਜਾਬ ਦੇ ਇਤਿਹਾਸ ਨਾਲ ਮਹੱਤਵਪੂਰਨ ਸਬੰਧ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਡਾ. ਧੰਜੂ ਨੇ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਸਰੋਤਾਂ ਵਿਚੋਂ ਰਤਨ ਸਿੰਘ ਭੰਗੂ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਤੇ ਮਹਾਕਵੀ ਸੰਤੋਖ ਸਿੰਘ ਦੁਆਰਾ ਲਿਖੇ ਗਏ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਹਵਾਲਿਆਂ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਮੁੱਖ ਕਾਰਣਾਂ ਤੇ ਸ਼ਹਾਦਤ ਦੇ ਪਏ ਪ੍ਰਭਾਵਾਂ ਬਾਰੇ ਦੱਸਿਆ। ਇਨ੍ਹਾਂ ਦੋਵੇਂ ਸਰੋਤਾਂ ਅੰਦਰ ਗੁਰੂ ਸਾਹਿਬ ਨੂੰ ਧਰਮ ਪਰਿਵਰਤਨ ਕਰਨ ਜਾਂ ਮੌਤ ਵਿਚੋਂ ਇਕ ਦੀ ਚੋਣ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸਮੇਂ ਦੇ ਹਾਕਮ ਦੀ ਦੂਜੇ ਧਰਮਾਂ ਪ੍ਰਤੀ ਕਿਹੋ-ਜਿਹੀ ਪਹੁੰਚ ਸੀ।ਉਨ੍ਹਾਂ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੂੰ ਗੁਰਿਆਈ ਕਾਲ ਵੇਲੇ ਜਿਸ ਕਿਸਮ ਦੇ ਕੱਟੜ ਮੂਲਵਾਦੀ ਵਿਚਾਰਾਂ ਦਾ ਸਾਹਮਣਾ ਕਰਨਾ ਪਿਆ ਸ਼ਾਇਦ ਦੂਜੇ ਗੁਰੂ ਸਾਹਿਬਾਨ ਦੇ ਸਮੇਂ ਹਾਲਾਤ ਇਤਨੇ ਬਦਤਰ ਨਹੀਂ ਸਨ।ਗੁਰੂ ਤੇਗ ਬਹਾਦਰ ਜੀ ਨੇ ਸਬਰ ਤੇ ਧੀਰਜ ਨਾਲ ਵਿਪਰੀਤ ਪ੍ਰਸਥਿਤੀਆਂ ਦਾ ਟਾਕਰਾ ਕਰਦਿਆਂ ਲੋਕਾਂ ਨੂੰ ਹਕੂਮਤ ਦੀ ਅਤਿਆਚਾਰੀ ਤੇ ਦਮਨਕਾਰੀ ਨੀਤੀ ਦਾ ਮੁਕਾਬਲਾ ਕਰਨ ਲਈ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਦੇ ਮਾਰਗ ਉਤੇ ਤੁਰਨ ਦੀ ਸਿਖਿਆ ਦ੍ਰਿੜ ਕਰਵਾਈ। ਗੁਰੂ ਸਾਹਿਬ ਦੀ ਸ਼ਹਾਦਤ ਦਾ ਪੰਜਾਬ ਅਤੇ ਹਿੰਦੋਸਤਾਨ ਦੇ ਇਤਿਹਾਸ ਵਿਚ ਦੂਰਗਾਮੀ ਪ੍ਰਭਾਵ ਪਿਆ। ਪ੍ਰੋ. ਗੁਰਿੰਦਰ ਸਿੰਘ ਮਾਨ ਯੂ.ਐਸ.ਏ, ਪ੍ਰੋ. ਬਲਵੰਤ ਸਿੰਘ ਢਿਲੋਂ, ਡਾ. ਹਰਿੰਦਰ ਸਿੰਘ ਚੋਪੜਾ ਆਦਿ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ। ਪ੍ਰੋ. ਮਾਨ ਨੇ ਪੱਛਮੀ ਵਿਦਵਾਨਾਂ ਵਲੋਂ ਸਿੱਖ ਧਰਮ ਬਾਰੇ ਪ੍ਰਗਟਾਈਆਂ ਜਾ ਰਹੀਆਂ ਦੋਸ਼ਪੂਰਣ ਧਾਰਨਾਵਾਂ ਦਾ ਮੁਖ ਕਾਰਣ ਡਬਲਿਊ.ਐਚ. ਮਕਲਾਉਡ ਦੀਆਂ ਬੁਨਿਆਦੀ ਕਪਟ ਭਰਪੂਰ ਲਿਖਤਾਂ ਨੂੰ ਮੰਨਿਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਮੂਲ ਸਰੋਤਾਂ ਦੀ ਪੁਨਰ ਵਿਆਖਿਆ ਤੇ ਪੜਚੋਲ ਕਰਨ ਦੀ ਲੋੜ ਹੈ। ਪ੍ਰੋ. ਅਮਰਜੀਤ ਸਿੰਘ ਡਾਇਰੈਕਟਰ, ਸ੍ਰੀ ਗੁਰੁ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੇ ਲੈਕਚਰ ਵਿਚ ਸ਼ਮੂਲੀਅਤ ਕਰਨ ਵਾਲੇ ਦੇਸ਼-ਵਿਦੇਸ਼ ਦੇ ਵਿਦਵਾਨਾਂ, ਇਤਿਹਾਸ ਵਿਭਾਗ, ਗੁਰੁ ਨਾਨਕ ਅਧਿਐਨ ਵਿਭਾਗ ਦੇ ਫੈਕਲਟੀ ਮੈਂਬਰਜ਼ ਤੇ ਖੋਜਾਰਥੀਆਂ ਦਾ ਧੰਨਵਾਦ ਕੀਤਾ।

English






