ਪ੍ਰਾਈਵੇਟ ਦਫਤਰ 50 ਫੀਸਦੀ ਸਟਾਫ ਨਾਲ ਕੰਮ ਕਰ ਸਕਦੇ
ਵਿਆਹ/ਸਸਕਾਰ ਸਮੇਤ ਇਕੱਠਾਂ ‘ਤੇ 20 ਜਣਿਆਂ ਦੀ ਇਜਾਜ਼ਤ
ਜਿੰਮ/ਰੈਸਟੋਰੈਂਟ ਇਕ ਹਫਤੇ ਬਾਅਦ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ
ਰੂਪਨਗਰ 8 ਜੂਨ 2021
ਸੂਬੇ ਵਿੱਚ ਅਨਲੌਕ ਪ੍ਰਕਿਰਿਆ ਸਬੰਧੀ ਦਰਜਾਵਾਰ ਪਹੁੰਚ ਅਪਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕੁਝ ਛੋਟਾਂ ਦੇ ਨਾਲ ਕੋਵਿਡ ਬੰਦਿਸ਼ਾਂ 15 ਜੂਨ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਛੋਟਾਂ ਵਿੱਚ ਸ਼ਾਮ ਛੇ ਵਜੇ ਤੱਕ ਦੁਕਾਨਾਂ ਖੋਲ੍ਹਣ ਅਤੇ ਪ੍ਰਾਈਵੇਟ ਦਫਤਰ 50 ਫੀਸਦੀ ਸਮਰੱਥਾ ਨਾਲ ਖੋਲ੍ਹਣੇ ਸ਼ਾਮਲ ਹਨ।
ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਹੁਣ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ l ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਕ ਰਾਤ ਦਾ ਕਰਫਿਊ ਸ਼ਨਿਚਰਵਾਰ ਸਮੇਤ ਹਫਤੇ ਦੇ ਦਿਨਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ ਪਰ ਐਤਵਾਰ ਨੂੰ ਰੈਗੂਲਰ ਵੀਕੈਂਡ ਕਰਫਿਊ ਜਾਰੀ ਰਹੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਜ਼ੇਟਿਵ ਦਰ ਡਿੱਗਣ ਅਤੇ ਐਕਟਿਵ ਕੇਸਾਂ ਦੇ ਘਟਣ ਦੇ ਚੱਲਦਿਆਂ ਮੁੱਖ ਮੰਤਰੀ ਨੇ ਵਿਆਹ ਅਤੇ ਸਸਕਾਰ ਸਮੇਤ ਇਕੱਠਾਂ ਵਿੱਚ 20 ਵਿਅਕਤੀਆਂ ਦੀ ਆਗਿਆ ਦੇ ਦਿੱਤੀ। ਸੂਬੇ ਵਿੱਚ ਆਉਣ ਵਾਲਿਆਂ ਲਈ ਦਾਖਲੇ ਦੀਆਂ ਰੋਕਾਂ (ਨੈਗੇਟਿਵ ਕੋਵਿਡ ਟੈਸਟ/ਟੀਕਾਕਰਨ) ਨੂੰ ਖਤਮ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਹਿਰਾਂ ਦੀ ਸਲਾਹ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਹੋਰ ਕੋਵਿਡ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਇਆ ਤਾਂ ਇਕ ਹਫਤੇ ਬਾਅਦ ਜਿੰਮ ਅਤੇ ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ।

English




