ਜ਼ਿਲ੍ਹਾ ਕੋਰਟ ਕੰਪਲੈਕਸ, ਵਿਖੇ ਡਿਸਪੈਂਸਰੀ ਦਾ ਉਦਘਾਟਨ

ਬਰਨਾਲਾ, 3 ਦਸੰਬਰ  2024

ਮਾਨਯੋਗ ਜਸਟਿਸ ਕੁਲਦੀਪ ਤਿਵਾੜੀ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਐਡਮਿਨਿਸਟ੍ਰੇਟਿਵ ਜੱਜ, ਸੈਸ਼ਨਜ਼ ਡੀਵੀਜ਼ਨ, ਬਰਨਾਲਾ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਬਰਨਾਲਾ ਵਿਖੇ ਬਣਾਈ ਗਈ ਡਿਸਪੈਂਸਰੀ ਦਾ ਈ-ਉਦਘਾਟਨ ਕੀਤਾ। ਇਹ ਡਿਸਪੈਂਸਰੀ ਜੁਡੀਸ਼ੀਅਲ ਵਿਭਾਗ, ਬਰਨਾਲਾ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਬਰਨਾਲਾ ਅਤੇ ਡਿਪਟੀ ਕਮਿਸ਼ਨਰ, ਬਰਨਾਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਇਸ ਡਿਸਪੈਂਸਰੀ ਖੋਲਣ ਦਾ ਮੁੱਖ ਮੰਤਵ ਜ਼ਿਲ੍ਹਾ ਅਦਾਲਤਾਂ, ਬਰਨਾਲਾ ਵਿਖੇ ਆਉਣ ਵਾਲੇ ਆਮ ਲੋਕ, ਵਕੀਲਾਂ ਅਤੇ ਅਦਾਲਤਾਂ ਦੇ ਸਮੂਹ ਸਟਾਫ਼ ਨੂੰ ਸਿਹਤ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾ ਸਕਣ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਬਰਨਾਲਾ ਵੱਲੋਂ ਉਕਤ ਡਿਸਪੈਂਸਰੀ ਵਿੱਚ ਇੱਕ ਡਾਕਟਰ (ਹਾਊਸ ਸਰਜਨ), ਇੱਕ ਫਾਰਮਾਸਿਸਟ ਅਤੇ ਇੱਕ ਵਾਰਡ ਅਟੈਨਡੈਂਟ ਦੀ ਡਿਊਟੀ ਲਗਾਈ ਗਈ ਹੈ। ਇਸ ਡਿਸਪੈਂਸਰੀ ਵਿੱਚ ਵਿਭਾਗ ਵੱਲੋਂ ਦਵਾਈਆਂ ਵੀ ਸਪਲਾਈ ਕੀਤੀਆਂ ਗਈਆਂ ਹਨ ਤਾਂ ਜੋ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਕੋਈ ਔਕੜ ਪੇਸ਼ ਨਾ ਆਵੇ। ਇਸ ਡਿਸਪੈਂਸਰੀ ਦੇ ਉਦਘਾਟਨ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਬਰਨਾਲਾ ਸ਼੍ਰੀ ਬੀ.ਬੀ.ਐੱਸ. ਤੇਜੀ, ਮਾਨਯੋਗ ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਬਾਰ ਪ੍ਰੈਜੀਡੈਂਟ,  ਬਰਨਾਲਾ ਸ਼੍ਰੀ ਜਸਵਿੰਦਰ ਢਿਲੋਂ ਅਤੇ ਸਮੂਹ ਜੱਜ ਸਾਹਿਬਾਨ ਅਤੇ ਵਕੀਲ ਸਾਹਿਬਾਨ ਹਾਜ਼ਰ ਰਹੇ।