ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ ਵਿਖੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ

ਫਿਰੋਜ਼ਪੁਰ 11 ਫਰਵਰੀ 2025
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਵਿਦਿਆਰਥੀਆਂ ਅੰਦਰ ਕਲਾਤਮਿਕ ਅਤੇ ਸਾਹਿਤਕ ਰੁਚੀਆਂ ਵਿਕਸਿਤ ਕਰਨ ਦੇ ਮਨੋਰਥ ਹਿੱਤ ਵੱਖ-ਵੱਖ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ ਵਿਖੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਪਹਿਲਾ ਸਥਾਨ ਗਿਆਰਵੀਂ ਜਮਾਤ ਦੀ ਵਿਦਿਆਰਥਣ ਗੁਰਵਿੰਦਰ ਕੌਰ ਨੇ, ਦੂਜਾ ਸਥਾਨ ਬਾਹਰਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਅਤੇ ਤੀਜਾ ਸਥਾਨ ਅੱਠਵੀਂ ਜਮਾਤ ਦੀ ਵਿਦਿਆਰਥਣ ਖੁਸ਼ਦੀਪ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਵਿਦਿਆਰਥੀਆਂ ਨਾਲ ਸਾਹਿਤ ਦੇ ਮਨੋਰਥ ਅਤੇ ਪ੍ਰਕਿਰਤੀ ਬਾਰੇ ਗੱਲਬਾਤ ਕੀਤੀ। ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਭਾਸ਼ਾ ਵਿਭਾਗ, ਪੰਜਾਬ ਦੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਸ. ਗੁਰਬੀਰ ਸਿੰਘ ਨੇ ਭਾਸ਼ਾ ਵਿਭਾਗ, ਪੰਜਾਬ ਦੇ ਇਸ ਉਪਰਾਲੇ ਨੂੰ ਸਾਰਥਿਕ ਕਿਹਾ ਅਤੇ ਉਹਨਾਂ ਨੇ ਉਮੀਦ ਕੀਤੀ ਕਿ ਵਿਭਾਗ ਅਜਿਹੀਆਂ ਗਤੀਵਿਧੀਆਂ ਲਗਾਤਾਰ ਯਾਰੀ ਰੱਖੇ ਤਾਂ ਇਸ ਨਾਲ ਵਿਦਿਆਰਥੀ ਸਾਹਿਤ ਅਤੇ ਪੁਸਤਕਾਂ ਨਾਲ ਜੁੜ ਸਕਦੇ ਹਨ। ਇਸ ਮੌਕੇ ‘ਤੇ ਸਕੂਲ ਦੇ ਸਮੂਹ ਸਟਾਫ਼ ਤੋਂ ਇਲਾਵਾ ਸੀਨੀਅਰ ਸਹਾਇਕ ਸ੍ਰੀ ਰਮਨ ਕੁਮਾਰ ਹਾਜ਼ਰ ਸਨ।