ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਸ਼ਹਿਰ ‘ਚ ਕੋਵਿਡ ਦੇ ਸੈਂਪਲ ਲੈਣ ਲਈ ਲਗਾਏ ਕੈਂਪਾਂ ਦਾ ਦੌਰਾ

Patiala DC

-ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ ਕੋਰੋਨਾ ਖ਼ਿਲਾਫ਼ ਜੰਗ : ਡਿਪਟੀ ਕਮਿਸ਼ਨਰ
– ਲੋਕ ਟੈਸਟ ਕਰਵਾਉਣ ‘ਚ ਹਿਚਕਚਾਹਟ ਨਾ ਦਿਖਾਉਣ, ਸਿਹਤ ਟੀਮਾਂ ਨਾਲ ਕਰਨ ਸਹਿਯੋਗ
-ਕੋਵਿਡ ਪਾਜ਼ੀਟਿਵ ਮਰੀਜ਼ਾਂ ਲਈ ਘਰਾਂ ‘ਚ ਏਕਾਂਤਵਾਸ ਦੀ ਸਹੂਲਤ ਉਪਲਬਧ
-ਅਫ਼ਵਾਹ ਜਾਂ ਗ਼ਲਤ ਸੂਚਨਾ ‘ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਸੂਚਨਾ ਦੀ ਘੋਖ ਕਰਨ ਦੀ ਕੀਤੀ ਅਪੀਲ
-ਜਗਤਾਰ ਨਗਰ ਅਤੇ ਸਨੌਰੀ ਗੇਟ ਵਿਖੇ ਲੱਗੇ ਕੈਂਪਾਂ ਦਾ ਕੀਤਾ ਦੌਰਾ
ਪਟਿਆਲਾ, 5 ਸਤੰਬਰ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਸਿਹਤ ਵਿਭਾਗ ਵੱਲੋਂ ਪਟਿਆਲਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਕੋਵਿਡ ਦੇ ਸੈਂਪਲ ਲੈਣ ਲਈ ਲਗਾਏ ਗਏ ਕੈਂਪਾਂ ਦਾ ਦੌਰਾ ਕਰਕੇ ਆਮ ਲੋਕਾਂ ਨਾਲ ਗੱਲਬਾਤ ਕਰਦਿਆ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਇਸ ਲਈ ਟੈਸਟ ਕਰਵਾਉਣ ‘ਚ ਹਿਚਕਚਾਹਟ ਨਾ ਦਿਖਾਈ ਜਾਵੇ ਸਗੋਂ ਹੋਰਨਾਂ ਨੂੰ ਵੀ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਪਟਿਆਲਾ ਸ.ਚਰਨਜੀਤ ਸਿੰਘ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਜਗਤਾਰ ਨਗਰ ਅਤੇ ਸਨੌਰੀ ਗੇਟ ਵਿਖੇ ਲੱਗੇ ਕੈਂਪ ਦੌਰਾਨ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਕੋਵਿਡ ਦਾ ਟੈਸਟ ਕਰਵਾਉਣ ਤੋਂ ਘਬਰਾਹਟ ਦੀ ਜ਼ਰੂਰਤ ਨਹੀਂ ਹੈ ਸਗੋਂ ਟੈਸਟ ਕਰਵਾਕੇ ਆਪਣੇ ਆਪਨੂੰ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਜਾ ਫੇਰ ਹੋਰ ਸਾਧਨਾ ਰਾਹੀਂ ਜੋ ਅਫ਼ਵਾਹ ਜਾਂ ਗਲਤ ਸੂਚਨਾ ਉਨ੍ਹਾਂ ਕੋਲ ਆਉਂਦੀਆਂ ਹਨ ਪਹਿਲਾਂ ਉਨ੍ਹਾਂ ਦੀ ਤਸਦੀਕ ਕੀਤੀ ਜਾਵੇ ਕਿ ਉਹ ਸਹੀ ਹਨ ਜਾ ਫੇਰ ਗਲਤ। ਉਨ੍ਹਾਂ ਕਿਹਾ ਕਿ ਟੈਸਟਾਂ ‘ਚ ਦੇਰੀ ਗੰਭੀਰ ਰੋਗਾਂ ਵਾਲੇ ਮਰੀਜ਼ਾਂ ਲਈ ਜਾਨ ਦਾ ਖੌਅ ਬਣ ਸਕਦੀ ਹੈ ਅਤੇ ਇਸ ਨਾਲ ਕੀਮਤੀ ਜਾਨ ਜਾਣ ਦਾ ਤਾਂ ਖ਼ਤਰਾ ਵੱਧਦਾ ਹੀ ਹੈ ਸਗੋਂ ਸਮੇਂ ਸਿਰ ਆਪਣਾ ਟੈਸਟ ਨਾ ਕਰਵਾਉਣ ਵਾਲਾ ਇੱਕ ਪਾਜ਼ੀਟਿਵ ਮਰੀਜ਼ ਹੋਰਨਾਂ ਕਈਆਂ ਲੋਕਾਂ ਨੂੰ ਮਹਾਂਮਾਰੀ ਦੀ ਲਾਗ ਲਗਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਟੈਸਟ ਤੋਂ ਬਾਅਦ ਪਾਜ਼ੀਟਿਵ ਆ ਵੀ ਜਾਂਦਾ ਹੈ ਪਰੰਤੂ ਉਸਨੂੰ ਕੋਵਿਡ ਦੇ ਕੋਈ ਲੱਛਣ ਨਹੀਂ ਹੁੰਦੇ ਤਾਂ ਉਸ ਨੂੰ ਉਸਦੇ ਘਰ ਵਿੱਚ ਹੀ ਏਕਾਂਤਵਾਸ ਕੀਤੇ ਜਾਣ ਦੀ ਸਹੂਲਤ ਉਪਲਬਧ ਹੈ, ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਕਰਨ ਦੀ ਥਾਂ ਆਪਣੇ ਟੈਸਟ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਉਣ।