ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਦੇ ਕੰਮ ‘ਚ ਲਿਆਂਦੀ ਜਾਵੇ ਤੇਜ਼ੀ : ਡਾ. ਪ੍ਰੀਤੀ ਯਾਦਵ

ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ 16 ਹਜ਼ਾਰ 447 ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਬਣੇ : ਡੀ.ਐਸ.ਐਸ.ਓ
ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਸਮਾਣਾ ਤੇ ਪਾਤੜਾਂ ‘ਚ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਪਟਿਆਲਾ, 18 ਅਗਸਤ 2021
ਵਧੀਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਪਹਿਚਾਣ ਪੱਤਰ (ਯੂਨੀਕ ਡਿਸਏਬਿਲਟੀ ਆਈਡੈਂਟੀ ਕਾਰਡ) ਬਣਾਉਣ ਦੇ ਕੰਮ ‘ਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੀਆਂ ਸੇਵਾਵਾਂ ਨਿਰਵਿਘਨ ਉਨ੍ਹਾਂ ਨੂੰ ਦਿੱਤੀਆਂ ਜਾ ਸਕਣ। ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ ਕਾਰਡ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਹੋਈ ਆਨ ਲਾਈਨ ਮੀਟਿੰਗ ਦੌਰਾਨ ਡਾ. ਪ੍ਰੀਤੀ ਯਾਦਵ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕਰਦਿਆ ਕਿਹਾ ਕਿ ਯੂ.ਡੀ.ਆਈ.ਡੀ ਪੋਰਟਲ ‘ਤੇ ਪਏ ਲੰਬਿਤ ਕੇਸਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਤੇ ਅਸੈਸਮੈਂਟ ਉਪਰੰਤ ਯੋਗ ਪਾਏ ਗਏ ਦਿਵਿਆਂਗ ਵਿਅਕਤੀਆਂ ਨੂੰ ਨਿਯਮਾਂ ਅਨੁਸਾਰ ਯੂ.ਡੀ.ਆਈ.ਡੀ. ਕਾਰਡ ਦਿਵਿਆਂਗਤਾਂ ਸਰਟੀਫਿਕੇਟ ਮੁਹੱਈਆ ਕਰਵਾਏ ਜਾਣ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਹੁਣ ਤੱਕ ਵੈਰੀਫਾਈ ਨਾ ਹੋਏ ਜਾਂ ਫੇਰ ਅਯੋਗ ਪਾਏ ਗਏ ਬਿਨੈ ਪੱਤਰਾਂ ਸਬੰਧੀ ਲੋੜੀਂਦੇ ਕਾਗਜ਼ ਏ.ਐਨ.ਐਮਜ਼, ਐਲ.ਐਚ.ਵੀਜ਼ ਜਾਂ ਫੇਰ ਆਸ਼ਾ ਵਰਕਰਾਂ ਰਾਹੀਂ ਪ੍ਰਾਰਥੀਆਂ ਤੋਂ ਮੰਗਵਾ ਕੇ ਯੂ.ਡੀ.ਆਈ.ਡੀ ਕਾਰਡ ਜਾਰੀ ਕਰਵਾਏ ਜਾਣ ਤਾਂ ਜੋ ਦਿਵਿਆਂਗ ਵਿਅਕਤੀਆਂ ਨੂੰ ਕਿਸ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨਾਂ ਦੇ ਕਾਰਡ ਬਣਾਉਣ ਲਈ ਪਾਤੜ੍ਹਾਂ ਤੇ ਸਮਾਣਾ ‘ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ 23 ਤੇ 24 ਅਗਸਤ ਨੂੰ ਸਰਕਾਰੀ ਹਸਪਤਾਲ ਪਾਤੜਾਂ ਤੇ 27 ਤੇ 28 ਅਗਸਤ ਨੂੰ ਸਰਕਾਰੀ ਹਸਪਤਾਲ ਸਮਾਣਾ ਵਿਖੇ ਉਨ੍ਹਾਂ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ ਕਾਰਡ ਬਣਾਏ ਜਾਣਗੇ ਜਿਨ੍ਹਾਂ ਨੇ 18 ਅਗਸਤ 2021 ਤੋਂ ਪਹਿਲਾਂ ਅਪਲਾਈ ਕੀਤਾ ਹੋਇਆ ਹੈ ਜਾ ਫੇਰ ਕਿਸੇ ਤਰੁੱਟੀ ਕਾਰਨ ਹਾਲੇ ਤੱਕ ਕਾਰਡ ਨਹੀਂ ਬਣੇ ਹਨ।
ਮੀਟਿੰਗ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ. ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ‘ਚ 16 ਹਜ਼ਾਰ 447 ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਏ ਜਾ ਚੁੱਕੇ ਹਨ, ਪਰ ਪਿੱਛਲੇ ਕੁਝ ਸਮੇਂ ਦੌਰਾਨ ਕੋਵਿਡ ਕਾਰਨ ਕਾਰਡ ਬਣਾਉਣ ਦੀ ਰਫ਼ਤਾਰ ‘ਚ ਕੁਝ ਕਮੀ ਆਈ ਹੈ ਜਿਸ ਨੂੰ ਹੁਣ ਤੇਜ਼ ਕੀਤਾ ਜਾ ਰਿਹਾ ਹੈ ਤੇ ਹੁਣ ਕਾਰਡ ਬਣਾਉਣ ਦੀ ਸਹੂਲਤ ਸੇਵਾ ਕੇਂਦਰਾਂ ਜਾਂ ਜ਼ਿਲ੍ਹਾ/ਬਲਾਕ/ਤਹਿਸੀਲ ਪੱਧਰ ‘ਤੇ ਸਰਕਾਰੀ ਹਸਪਤਾਲਾਂ ਵਿੱਚ ਜਾਂ ਨਿੱਜੀ ਤੌਰ ‘ਤੇ ਆਨਲਾਈਨ ਅਪਲਾਈ ਰਾਹੀਂ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵਿਅਕਤੀ ਖੁਦ ਨੂੰ ਕਾਰਡ ਲਈ ਰਜਿਸਟਰ ਕਰਵਾਉਣ ਵਾਸਤੇ ਸੇਵਾ ਕੇਂਦਰਾਂ ਜਾਂ ਸਰਕਾਰੀ ਹਸਪਤਾਲਾਂ ਰਾਹੀਂ ਆਧਾਰ ਕਾਰਡ, ਵੋਟਰ ਕਾਰਡ ਜਾਂ ਉਮਰ ਦਾ ਕੋਈ ਸਬੂਤ, ਪਾਸਪੋਰਟ ਸਾਈਜ਼ ਦੀ ਫੋਟੋ ਨਾਲ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਡ ਅੰਗਹੀਣ ਵਿਅਕਤੀ ਨੂੰ ਸਿਰਫ਼ ਪਾਰਦਰਸ਼ਤਾ, ਕੁਸ਼ਲਤਾ ਅਤੇ ਸਰਕਾਰੀ ਲਾਭ ਪਹੁੰਚਾਉਣ ਲਈ ਉਤਸ਼ਾਹਿਤ ਕਰਨ ਲਈ ਨਹੀਂ ਸਗੋਂ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਯੂ.ਡੀ.ਆਈ.ਡੀ ਕਾਰਡ ਦੇ ਫਾਇਦੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਨਾਲ ਦਿਵਿਆਂਗ ਵਿਅਕਤੀਆਂ ਨੂੰ ਵੱਡੀ ਰਾਹਤ ਮਿਲੇਗੀ ਕਿਉਂ ਜੋ ਉਨ੍ਹਾਂ ਨੂੰ ਮੈਡੀਕਲ ਸਰਟੀਫਿਕੇਟ ਲਈ ਵਾਰ-ਵਾਰ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਲਈ ਯੂ.ਡੀ.ਆਈ.ਡੀ. ਪੂਰੇ ਭਾਰਤ ਵਿੱਚ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਲਾਭ ਲੈਣ ਲਈ ਦਿਵਿਆਂਗਜਨਾਂ ਦੀ ਪਛਾਣ, ਤਸਦੀਕ ਕਰਨ ਦਾ ਇੱਕੋ-ਇੱਕ ਦਸਤਾਵੇਜ਼ ਹੋਵੇਗਾ। ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।