ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਹੈ ਖਾਟਵਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ

ਨਿੱਜੀ ਸਕੂਲਾਂ ਨੂੰ ਮਾਤ ਪਾ ਰਿਹਾ ਹੈ ਖਾਟਵਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ

—–ਪੜ੍ਹਾਈ ਦੇ ਨਾਲ ਨਾਲ ਦਿੱਖ ਪੱਖੋਂ ਇਸ ਸਰਕਾਰੀ ਸਕੂਲ ਨੇ ਕਈ ਸਕੂਲ ਪਛਾੜੇ

ਅਬੋਹਰ , ਫਾਜ਼ਿਲਕਾ, 27 ਸਤੰਬਰ

ਅਬੋਹਰ ਦੇ ਪਿੰਡ ਖਾਟਵਾਂ ਵਿਚ ਬਣਿਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਬਣਿਆ ਹੋਇਆ ਹੈ ਉੱਥੇ ਇਸ ਸਕੂਲ ਨੇ ਨਿਜੀ ਸਕੂਲਾਂ ਨੂੰ ਵੀ ਮਾਤ ਪਾਈ ਹੋਈ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀ ਵਿੱਢੀ ਮੁਹਿੰਮ ਦਾ ਸਭ ਤੋਂ ਵੱਧ ਅਸਰ ਇਸ ਸਕੂਲ ਵਿਚ ਵੇਖਣ ਨੂੰ ਮਿਲਿਆ ਹੈ। ਤਿੰਨ ਸਾਲ ਪਹਿਲਾਂ ਇਸ ਸਕੂਲ ਵਿੱਚ ਜਿੱਥੇ ਕਮਰਿਆਂ ਦੀ ਘਾਟ ਬੱਚਿਆਂ ਦੀ ਘੱਟ ਗਿਣਤੀ  ਸੀ ਉਥੇ ਦਿੱਖ ਪੱਖੋਂ ਵੀ ਇਸ ਸਕੂਲ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਪਰ ਹੈੱਡ ਟੀਚਰ ਕਰਮਜੀਤ ਕੌਰ ਤੇ ਸਮੂਹ ਸਟਾਫ ਦੀ ਸਖਤ ਮਿਹਨਤ ਨਾਲ ਇਹ ਸਕੂਲ ਚਾਨਣ ਮੁਨਾਰਾ ਬਣਿਆ।

ਸਕੂਲ ਦੇ ਹੈੱਡ ਟੀਚਰ ਕਰਨੀ ਢਿੱਲੋਂ ਨੇ ਦੱਸਿਆ ਕਿ ਇਸ ਸਕੂਲ ਵਿਚ ਨਰਸਰੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਇੱਕ ਸੌ ਛਿਆਹਠ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬੈਠਣ ਲਈ ਜਿੱਥੇ ਸਕੂਲ ਵਿੱਚ ਡੈਸਕ ਦਾ ਪ੍ਰਬੰਧ ਹੈ ਉਥੇ ਸਮਾਰਟ ਕਲਾਸ ਰੂਮ ਵੀ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਪੂਰਾ ਯੋਗਦਾਨ ਪਾ ਰਿਹਾ ਹੈ। ਬੱਚਿਆਂ ਲਈ ਝੂਲਿਆਂ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਕਲਾਸ ਰੂਮ ਵਿੱਚ ਛੋਟੇ ਬੱਚਿਆਂ ਲਈ ਹਰ ਤਰ੍ਹਾਂ ਦੇ ਖਿਡੌਣੇ ਵੀ ਉਪਲੱਬਧ ਹਨ। ਬੱਚਿਆਂ ਦੇ ਖੇਡਣ ਲਈ ਗਰਾਊਂਡ ਦਾ ਵੀ ਪ੍ਰਬੰਧ ਹੈ। ਹਰਿਆਲੀ ਲਈ ਪੌਦੇ ਲੱਗੇ ਹੋਏ ਹਨ। ਸਕੂਲ ਵਿੱਚ ਬੱਚਿਆਂ ਨੂੰ ਦੁਪਹਿਰ ਦਾ ਵਧੀਆ ਮਿਆਰੀ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਪੱਖ ਤੋਂ ਸਕੂਲ ਵਿਚ ਕੈਮਰੇ ਵੀ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦਾ ਮੁੱਖ ਗੇਟ ਸਕੂਲ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ,  ਅਜਿਹਾ ਗੇਟ ਜ਼ਿਲ੍ਹੇ ਭਰ ਵਿੱਚ  ਕੁਝ ਗਿਣਤੀ ਦੇ ਸਕੂਲਾਂ ਵਿੱਚ ਹੀ ਬਣਿਆ ਹੋਵੇਗਾ।

ਸਮੂਹ ਸਟਾਫ ਦੀ ਮਿਹਨਤ ਨਾਲ ਸਕੂਲ ਦਾ ਸਾਲਾਨਾ ਨਤੀਜਾ ਵੀ ਹਰ ਸਾਲ ਸੌ ਫ਼ੀਸਦੀ ਰਹਿੰਦਾ ਹੈ। ਸਕੂਲ ਵਿੱਚ ਸਮੇਂ ਸਮੇਂ ਤੇ ਵੱਖ ਵੱਖ ਪ੍ਰਤਿਭਾ ਖੋਜ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਕਾਸ ਵਿਚ ਪਿੰਡ ਵਾਸੀਆਂ ਦਾ ਵੱਡਾ ਯੋਗਦਾਨ ਰਹਿੰਦਾ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ੍ਰੀ ਅਜੇ ਕੁਮਾਰ ਛਾਬੜਾ ਨੇ ਕਿਹਾ ਕਿ ਸਰਕਾਰੀ ਸਕੂਲ ਹੁਣ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਰਹੇ ਉਨ੍ਹਾਂ ਕਿਹਾ ਕਿ ਖਾਟਵਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੋਰ ਸਕੂਲਾਂ ਲਈ ਪ੍ਰੇਰਨਾ ਸਰੋਤ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚੋਂ ਮਿਲਦੀਆਂ ਸੁਵਿਧਾਵਾਂ ਨਿਜੀ ਸਕੂਲਾਂ ਨੂੰ ਵੀ ਮਾਤ ਪਾ ਰਹੀਆਂ ਹਨ। ਉਨ੍ਹਾਂ ਸਕੂਲ ਦੀ ਹੈੱਡ ਟੀਚਰ ਕਰਮਜੀਤ ਕੌਰ ਤੇ ਸਮੂਹ ਸਟਾਫ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਕੂਲ ਹੋਰ ਬੁਲੰਦੀਆਂ ਛੂਹੇਗਾ ।