ਬਡਬਰ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਯੁਵਕ ਮੇਲੇ ਵਿੱਚ ਮੱਲਾਂ ਮਾਰੀਆਂ

ਬਡਬਰ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਯੁਵਕ ਮੇਲੇ ਵਿੱਚ ਮੱਲਾਂ ਮਾਰੀਆਂ

—ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ

ਬਰਨਾਲਾ, 28 ਅਕਤੂਬਰ

ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁੁਤਕਨੀਕੀ ਕਾਲਜ ਬਡਬਰ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਯੁਵਕ ਮੇਲਾ, ਜੋ ਕਿ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਲੜਕੀਆਂ ਵਿਖੇ ਹੋਇਆ, ਵਿੱਚ ਵੱਖ ਵੱਖ ਵੰਨਗੀਆਂ ਵਿਚ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ। ਅੱਜ ਕਾਲਜ ਪਹੁੰਚਣ ਉੱਪਰ ਜੇਤੂ ਵਿਦਿਆਰਥੀਆਂ ਦਾ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਵੱਲੋਂ ਸਨਮਾਨ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਕਾਲਜ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਕੋਰਿਓਗ੍ਰਾਫੀ, ਪੋਸਟਰ ਮੇਕਿੰਗ, ਲੋਕਗੀਤ, ਕਵਿਤਾ ਉਚਾਰਣ, ਸੋਲੋ ਲੋਕ ਨਾਚ ਅਤੇ ਰੰਗੋਲੀ ਵਿੱਚ ਭਾਗ ਲਿਆ। ਪ੍ਰੋ. ਅੰਟਾਲ ਨੇ ਦੱਸਿਆ ਕਿ ਕਾਲਜ ਦੇ ਸਿਵਲ ਇੰਜਨੀਅਰਿੰਗ ਦੇ ਵਿਦਿਆਰਥੀ ਬੌਬੀ ਕੁਮਾਰ ਨੇ ਮਿਰਜਾ ਗਾ ਕੇ ਲੋਕ ਗੀਤ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਵੀਰਪਾਲ ਕੌਰ ਸਿਵਲ ਇੰਜੀਨੀਅਰਿੰਗ ਨੇ ਸੋਲੋ ਲੋਕ ਨਾਚ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਮਕੈਨੀਕਲ ਵਿਭਾਗ ਦਾ ਗੁਰਪ੍ਰਤਾਪ ਸਿੰਘ ਅਤੇ ਰਮਨਪ੍ਰੀਤ ਕੌਰ ਕ੍ਰਮਵਾਰ ਪੋਸਟਰ ਅਤੇ ਕਵਿਤਾ ਉਚਾਰਣ ਮੁਕਾਬਲੇ ਵਿਚ ਜੇਤੂ ਰਹੇ। ਕਾਲਜ ਦੇ ਅਧਿਆਪਕ ਗੁਰਬਖਸ਼ੀਸ਼ ਸਿੰਘ ਅੰਟਾਲ ਦੇ ਗੀਤ ‘ਕਿੱਥੇ ਗਈ ਸੂਹੀ ਸੂਹੀ ਸੰਗ ਨੀ ਪੰਜਾਬਣੇ’ ਨੇ  ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

ਪ੍ਰਿੰਸੀਪਲ ਯਾਦਵਿੰਦਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਇੰਚਾਰਜ ਅਧਿਆਪਕ ਖੁਸ਼ਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਰੀਤਵਿੰਦਰ ਸਿੰਘ, ਲਖਵਿੰਦਰ ਸਿੰਘ, ਲਾਇਬ੍ਰੇਰੀਅਨ ਸਰਬਜੀਤ ਕੌਰ, ਸਹਾਇਕ ਲਾਇਬ੍ਰੇਰੀਅਨ ਮਨਪ੍ਰੀਤ ਕੌਰ ਤੇ ਰਘਵੀਰ ਕੌਰ ਹਾਜ਼ਰ ਸਨ।