ਬਾਦਲਾਂ ਵੱਲੋਂ ਤਖ਼ਤ ਸਹਿਬਾਨਾਂ ਅਤੇ ਗੁਰੂਧਾਮਾਂ ਦੀ ਸਿਆਸੀ ਦੁਰਵਰਤੋਂ ‘ਤੇ ਰੋਕ ਲਗਾਉਣ ਲਈ ਸਿੰਘ ਸਾਹਿਬਾਨਾਂ ਨੂੰ ਮਿਲਿਆ ‘ਆਪ’ ਦਾ ਵਫ਼ਦ

aap Leader prof. baljinder kaur 1

-ਖੁੱਸੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਗੁਰੂਧਾਮਾਂ ਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰ ਰਹੇ ਹਨ ਬਾਦਲ- ਪ੍ਰੋ. ਬਲਜਿੰਦਰ ਕੌਰ

ਸ੍ਰੀ ਅੰਮ੍ਰਿਤਸਰ ਸਾਹਿਬ, 28 ਸਤੰਬਰ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਫ਼ਦ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ। ‘ਆਪ’ ਵਿਧਾਇਕਾਂ ਪ੍ਰੋ. ਬਲਜਿੰਦਰ ਕੌਰ, ਜੈ ਕਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਦੀ ਅਗਵਾਈ ਹੇਠ ‘ਆਪ’ ਦੇ ਵਫ਼ਦ ਨੇ ਮੈਮੋਰੰਡਮ ਦਿੰਦਿਆਂ ਮੰਗ ਕੀਤੀ ਕਿ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਾ ਸਾਹਿਬਾਨਾਂ ਅਤੇ ਤਖ਼ਤ ਸਾਹਿਬਾਨਾਂ ਦੀ ਆਪਣੇ ਨਿੱਜੀ ਅਤੇ ਸਿਆਸੀ ਮਕਸਦਾਂ ਲਈ ਕੀਤੀ ਜਾ ਰਹੀ ਦੁਰਵਰਤੋਂ ਤੋਂ ਸਖ਼ਤੀ ਨਾਲ ਰੋਕਿਆ ਜਾਵੇ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੁੰਦਾ ਸੀ, ਪਰੰਤੂ ਪਿਛਲੇ ਸਮਿਆਂ ਦੌਰਾਨ ਸਿਰਫ਼ ਇੱਕ ਪਰਿਵਾਰ ਦੀ ਨਿੱਜੀ ਕੰਪਨੀ ਬਣ ਕੇ ਆਪਣਾ ਬੁਨਿਆਦੀ ਖ਼ਾਸਾ, ਸਿਧਾਂਤ ਅਤੇ ਅਸੂਲ ਛੱਡਣ ਕਾਰਨ ਅੱਜ ਸਿਆਸੀ ਪਤਨ ਵੱਲ ਪਹੁੰਚ ਚੁੱਕਾ ਹੈ। 2017 ਦੀਆਂ ਚੋਣਾਂ ਵਿਚ ਪੰਥ ਅਤੇ ਪੰਜਾਬ ਨੇ ਬਾਦਲ ਦਲ ਨੂੰ ਪੂਰੀ ਤਰਾਂ ਨਕਾਰ ਦਿੱਤਾ। ਦੂਜੇ ਪਾਸੇ ਕੇਂਦਰ ‘ਚ ਨਰਿੰਦਰ ਮੋਦੀ ਸਰਕਾਰ ਦੇ ਭਾਈਵਾਲ ਹੁੰਦਿਆਂ ਬਾਦਲ ਪਰਿਵਾਰ ਨੇ ਇੱਕ ਵਜ਼ੀਰੀ ਖ਼ਾਤਰ ਵਾਰ-ਵਾਰ ਪੰਜਾਬ, ਪੰਜਾਬੀਆਂ, ਪੰਜਾਬੀਅਤ ਅਤੇ ਪੰਥ ਦੀ ਪਿੱਠ ‘ਚ ਕਦਮ-ਕਦਮ ‘ਤੇ ਛੁਰੇ ਮਾਰੇ। ਖੇਤੀ ਵਿਰੋਧੀ ਕਾਲੇ-ਕਾਨੂੰਨਾਂ ਦੀ ਅੰਨ੍ਹੇਵਾਹ ਵਕਾਲਤ ਕਰਦੇ ਕਰਦੇ ਬਾਦਲ ਦਲ ਦੀ ਬਚੀ-ਖੁੱਸੀ ਸਿਆਸੀ ਜ਼ਮੀਨ ਵੀ ਖਿਸਕ ਗਈ। ਪਿੰਡਾਂ ‘ਚੋਂ ‘ਨੋ ਐਂਟਰੀ’ ਦੇ ਬੋਰਡ ਲੱਗ ਗਏ। ਹੁਣ ਇਹੀ ਅਕਾਲੀ ਦਲ ਬਾਦਲ ਆਪਣੀ ਖੁੱਸੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਫ਼ਾਇਦਾ ਉਠਾ ਕੇ ਸਿਆਸੀ ਤਾਕਤ ਹਾਸਲ ਕਰਨ ਲਈ 1 ਅਕਤੂਬਰ ਤੋਂ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ ਸਾਹਿਬਾਨ ਤੋਂ ਆਪਣੇ ਸਿਆਸੀ ਸ਼ਕਤੀ ਪ੍ਰਦਰਸ਼ਨਾਂ ਦੀ ਆਰੰਭਤਾ ਕਰਨ ਜਾ ਰਿਹਾ ਹੈ। ਇਸੇ ਤਰਾਂ 24 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਦਲ ਪਰਿਵਾਰ ਵੱਲੋਂ ਗੁਰੂ ਨੂੰ ਨਤਮਸਤਕ ਹੋਣ ਦੀ ਆੜ ‘ਚ ਜੋ ਸਿਆਸੀ ਪ੍ਰਦਰਸ਼ਨ ਦੀਵਾਨ ਹਾਲ ‘ਚ ਕੀਤਾ ਗਿਆ, ਜੋ ਗੁਰੂ ਘਰ ਦੀ ਸਿੱਧੇ ਰੂਪ ‘ਚ ਦੁਰਵਰਤੋਂ ਹੈ।
ਇਸ ਮੌਕੇ ਜੈ ਸਿੰਘ ਰੋੜੀ ਨੇ ਕਿਹਾ ਕਿ ਸਮੂਹ ਗੁਰੂ ਘਰ ਅਤੇ ਉੱਥੇ ਚੱਲਦੇ ਪ੍ਰਬੰਧ ਸਮੂਹ ਪੰਥ ਅਤੇ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਹਨ। ਸੰਗਤਾਂ ਕਿਰਤ ਕਮਾਈ ਵਿਚੋਂ ਦਸਵੰਧ ਗੁਰੂ ਮਰਿਆਦਾ ਅਤੇ ਸੇਵਾ ਰੂਪ ਵਿਚ ਚੜ੍ਹਾਵੇ ਵਜੋਂ ਸ਼ਰਧਾ ਨਾਲ ਗੁਰੂ ਚਰਨਾ ਵਿਚ ਪੇਸ਼ ਕਰਦੇ ਹਨ। ਇਹ ਸਭ ਸਰਬੱਤ ਦੇ ਭਲੇ ਦੀ ਵਰਤੋਂ ਲਈ ਸਮਰਪਿਤ ਕੀਤਾ ਜਾਂਦਾ ਹੈ, ਪਰੰਤੂ ਅਕਾਲੀ ਦਲ ਬਾਦਲ ਧੜੇ ਵੱਲੋਂ ਇਨ੍ਹਾਂ ਪ੍ਰਬੰਧਾਂ ਅਤੇ ਸੋਮਿਆਂ ਨੂੰ ਨਿੱਜੀ ਸਿਆਸਤ ਚਮਕਾਉਣ ਲਈ ਵਰਤਿਆ ਜਾ ਰਿਹਾ ਹੈ। ਜੋ ਕਿ ਗੁਰੂ ਮਰਿਆਦਾ ਦੇ ਖ਼ਿਲਾਫ਼ ਹੈ ਅਤੇ ਇਹ ਸਿੱਧੇ ਰੂਪ ਵਿਚ ਸੰਗਤਾਂ ਦੀ ਕਿਰਤ ਕਮਾਈ ਦੇ ਦਸਵੰਧ ਦੇ ਚੜ੍ਹਾਵੇ ਦੀ ਦੁਰਵਰਤੋਂ ਹੈ।
ਇਸ ਮੌਕੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੇ ਵੀ ਮਸੰਦਾ ਨੂੰ ਸਖ਼ਤ ਸਜਾਵਾਂ ਦੇ ਕੇ ਸੰਗਤਾਂ ਦੇ ਚੜ੍ਹਾਵੇ ਦੀ ਦੁਰਵਰਤੋਂ ਤੋਂ ਰੋਕਿਆ ਸੀ ਅਤੇ ਸਰਬੱਤ ਦੇ ਭਲੇ ਲਈ ਵਰਤੋਂ ਕਰਨ ਦੇ ਹੁਕਮ ਦਿੱਤੇ ਸਨ। ਅਕਾਲੀ ਦਲ (ਬਾਦਲ) ਅਤੇ ਆਗੂਆਂ ਦੀਆਂ ਪਿਛਲੇ ਸਮੇਂ ਦੀਆਂ ਗਤੀਵਿਧੀਆਂ ਪੂਰੀ ਤਰਾਂ ਗੈਰ ਪੰਥਕ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਤੋਂ ਉਲਟ, ਨਿੱਜੀ ਲਾਲਸਾ ਅਤੇ ਸਿਆਸਤ ਚਮਕਾਉਣ ਦੀਆਂ ਰਹੀਆਂ ਹਨ।