ਬਿਨ੍ਹਾ ਪਰਾਲੀ ਸਾੜੇ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਦਾ ਤਰੀਕਾ ਸੁਝਾਇਆ ਖੇਤੀਬਾੜੀ ਵਿਭਾਗ ਨੇ

ਫਾਜਿ਼ਲਕਾ, 7 ਅਕਤੂਬਰ:

ਫਾਜਿ਼ਲਕਾ ਖੇਤੀਬਾੜੀ ਵਿਭਾਗ ਨੇ ਬਿਨ੍ਹਾਂ ਪਰਾਲੀ ਸਾੜੇ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਦਾ ਤਰੀਕਾ ਕਿਸਾਨਾਂ ਨੂੰ ਸੁਝਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਅਤੇ ਖੇਤੀਬਾੜੀ ਇੰਜਨੀਅਰ ਕਮਲ ਗੋਇਲ ਨੇ ਦੱਸਿਆ ਹੈ ਕਿ ਇਸ ਤਰੀਕੇ ਨਾਲ ਕਿਸਾਨ ਸੌਖੇ ਤਰੀਕੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਨ ਅਤੇ ਇਸ ਨਾਲ ਜਮੀਨ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ।ਇਸ ਤਕਨੀਕ ਨੂੰ ਮਲਚਿੰਗ ਵਾਲੀ ਤਕਨੀਕ ਆਖਦੇ ਹਨ।

ਬਿਜਾਈ ਦਾ ਸਮਾਂ:
ਇਸ ਤਕਨੀਕ ਰਾਹੀਂ ਬਿਜਾਈ ਦਾ ਢੁਕਵਾਂ ਸਮਾਂ 15 ਅਕਤੂਬਰ ਤੋਂ 25 ਨਵੰਬਰ ਤੱਕ ਹੈ। ਇਸ ਲਈ ਝੋਨੇ/ਬਾਸਮਤੀ ਨੂੰ ਆਖਰੀ ਪਾਣੀ ਇਸ ਤਰਾਂ ਲਗਾਓ ਕਿ ਵਾਢੀ ਵੇਲੇ ਤੱਕ ਖੇਤ ਖੁਸ਼ਕ ਹੋਵੇ।

ਬੀਜ ਤੇ ਖਾਦ ਦੀ ਮਾਤਰਾ:
ਇਸ ਲਈ ਕਣਕ ਦੇ ਬੀਜ ਦੀ ਮਾਤਰਾ 45 ਕਿਲੋ ਅਤੇ ਡੀਏਪੀ ਖਾਦ 65 ਕਿਲੋ ਵਰਤੀ ਜਾਣੀ ਹੈ। ਬੀਜ ਨੂੰ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ।

ਝੋਨੇ ਦੀ ਵਾਢੀ:
ਝੋਨੇ ਦੀ ਵਾਢੀ ਸੁਪਰ ਐਸਐਮਐਸ ਵਾਲੀ ਕੰਬਾਇਨ ਨਾਲ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਹ ਮਸ਼ੀਨ ਪਰਾਲੀ ਨੂੰ ਪੂਰੇ ਖੇਤ ਵਿਚ ਇਕਸਾਰ ਖਿਲਾਰ ਦਿੰਦੀ ਹੈ।ਜ਼ੇਕਰ ਸੁਪਰ ਐਸਐਮਐਸ ਵਾਲੀ ਕੰਬਾਇਨ ਨਾ ਹੋਵੇ ਤਾਂ ਵਾਢੀ ਤੋਂ ਬਾਅਦ ਰੋਟਰੀ ਸਲੈਸ਼ਰ ਨਾਲ ਪਰਾਲੀ ਦੀਆਂ ਢੀਗਾਂ ਨੂੰ ਖੇਤ ਵਿਚ ਖਿਲਾਰ ਲਵੋ।

ਬਿਜਾਈ ਦਾ ਤਰੀਕਾ: ਜੇ ਸਰਫੇਸ ਸੀਡਰ ਮਸ਼ੀਨ ਹੋਵੇ ਤਾਂ ਉਸਦੀ ਵਰਤੋਂ ਕਰੋ ਪਰ ਜ਼ੇਕਰ ਇਹ ਮਸ਼ੀਨ ਨਾ ਹੋਵੇ ਤਾਂ ਬੀਜ ਤੇ ਖਾਦ ਦਾ ਅੱਧਾ ਅੱਧਾ ਕਰਕੇ ਦੋਹਰਾ ਛਿੱਟਾ ਦਿਓ। ਛਿੱਟਾ ਦੇਣ ਦੇ ਬਾਅਦ ਰੋਟਰੀ ਸਲੈਸ਼ਰ, ਰੀਪਰ, ਕੱਟਰ ਆਦਿ ਮਸ਼ੀਨ ਜਮੀਨ ਤੋਂ 6 ਇੰਚ ਉੱਚੀ ਰੱਖ ਕੇ ਖੇਤ ਵਿਚ ਚਲਾ ਦਿਓ। ਜੇ ਕਿਤੇ ਪਰਾਲੀ ਦੀ ਢੇਰੀ ਰਹਿ ਜਾਵੇ ਤਾਂ ਉਸਨੂੰ ਤੰਗਲੀ ਨਾਲ ਖਿਲਾਰ ਦਿਓ।

ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਹਲਕਾ ਪਾਣੀ ਲਗਾ ਦਿਓ। ਪਾਣੀ ਹਲਕਾ ਹੀ ਲਗਾਉਣਾ ਹੈ ਅਤੇ ਜ਼ੇਕਰ ਭਾਰੀ ਪਾਣੀ ਲੱਗ ਜਾਵੇ ਤਾਂ ਬੀਜ ਪੂਰਾ ਨਹੀਂ ਉਗਦਾ ਹੈ। ਭਾਵ ਪਾਣੀ ਇਸਤਰਾਂ ਲਗਾਓ ਕਿ ਪਾਣੀ 24 ਘੰਟੇ ਵਿਚ ਜਮੀਨ ਸੋਖ ਲਵੇ। ਇਕ ਹਫਤੇ ਬਾਅਦ ਕਣਕ ਉਗ ਆਵੇਗੀ। ਇਸ ਤਰਾਂ ਦੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਵੀ ਘੱਟ ਆਉਂਦੀ ਹੈ।ਪਰਾਲੀ ਖੇਤ ਵਿਚ ਮਿਲਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਖਰਚਾ ਬਾਕੀ ਸਭ ਤਕਨੀਕਾਂ ਨਾਲੋਂ ਘੱਟ ਆਉਂਦਾ ਹੈ।