ਫ਼ਿਰੋਜ਼ਪੁਰ, 23 ਜਨਵਰੀ 2025
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਵਿਭਾਗ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜਫ਼ਰ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਫ਼ੁੱਲਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹੀ ਉਪਰਾਲਿਆਂ ਤਹਿਤ ਵਿਭਾਗ ਵੱਲੋਂ ਪੰਜਾਬੀ ਦੇ ਰਸਾਲੇ ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆਂ’ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਾ. ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਦੋਵੇਂ ਰਸਾਲੇ ਮਹੀਨਾਵਾਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਸੱਤ ਦਹਾਕਿਆਂ ਤੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਰਸਾਲੇ ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆਂ’ ਰਾਹੀਂ ਵਿਦਵਾਨਾਂ, ਖੋਜਾਰਥੀਆਂ, ਆਲੋਚਕਾਂ ਅਤੇ ਸਾਹਿਤਕਾਰਾਂ ਦੀਆਂ ਮਿਆਰੀ ਰਚਨਾਵਾਂ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਜਾਂਦੀਆਂ ਹਨ। ਇਸਦੇ ਨਾਲ ਹੀ ਉਕਤ ਰਸਾਲਿਆਂ ਵਿੱਚ ਨਾਮਵਰ ਲਿਖਾਰੀਆਂ ਜਾਂ ਹੋਰ ਸਖ਼ਸ਼ੀਅਤਾਂ ਦੀਆਂ ਸਾਹਿਤਕ, ਸਮਾਜਿਕ ਜਾਂ ਦੇਸ਼ ਪ੍ਰਤੀ ਘਾਲਣਾਵਾਂ ਬਾਰੇ ਵੀ ਵਿਸ਼ੇਸ਼ ਅੰਕ ਕੱਢੇ ਜਾਂਦੇ ਹਨ। ਰਸਾਲਿਆਂ ’ਚ ਛਪਣ ਲਈ ਕੋਈ ਵੀ ਲੇਖਕ ਆਪਣੀ ਰਚਨਾ ਭੇਜ ਸਕਦਾ ਹੈ। ‘ਜਨ ਸਾਹਿਤ’ ਲਈ ਲੇਖਕ ਆਪਣੀਆਂ ਮੌਲਿਕ ਅਤੇ ਅਣਪ੍ਰਕਾਸ਼ਿਤ ਰਚਨਾਵਾਂ ਲੇਖ, ਕਵਿਤਾ, ਗ਼ਜ਼ਲ, ਕਹਾਣੀ, ਰੇਖਾਚਿਤਰ ਅਤੇ ਮੁਲਾਕਾਤਾਂ ਆਦਿ ਦੇ ਰੂਪ ਵਿੱਚ ਭੇਜ ਸਕਦੇ ਹਨ ਜਦਕਿ ਰਸਾਲਾ ‘ਪੰਜਾਬੀ ਦੁਨੀਆਂ’ ਲਈ ਖੋਜ ਨਿਬੰਧ (ਰਿਸਰਚ ਪੇਪਰ) ਪ੍ਰਕਾਸ਼ਨਾ ਲਈ ਭੇਜੇ ਜਾ ਸਕਦੇ ਹਨ। ਇਸਦੇ ਨਾਲ ਹੀ ਲੇਖਕ ਨੂੰ ਰਚਨਾ ਦੇ ਨਾਲ ਆਪਣਾ ਨਾਮ, ਪੂਰਾ ਪਤਾ ਅਤੇ ਮੋਬਾਇਲ ਨੰਬਰ ਭੇਜਦੇ ਹੋਏ ਰਚਨਾ ਦੇ ਮੌਲਿਕ ਅਤੇ ਅਣਪ੍ਰਕਾਸ਼ਿਤ ਹੋਣ ਬਾਰੇ ਤਸਦੀਕ ਕਰਕੇ ਭੇਜਣਾ ਵੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਦੇ ਮਾਪਦੰਡਾਂ ’ਤੇ ਖ਼ਰੀਆਂ ਉਤਰਨ ਵਾਲੀਆਂ ਰਚਨਾਵਾਂ ਨੂੰ ਸੰਪਾਦਕੀ ਮੰਡਲ ਦੇ ਫੈਸਲੇ ਅਨੁਸਾਰ ਬਣਦਾ ਸਥਾਨ ਦਿੱਤਾ ਜਾਵੇਗਾ। ਲੇਖਕ ਆਪਣੀਆਂ ਰਚਨਾਵਾਂ ਟਾਈਪ ਕਰਕੇ ਵਿਭਾਗ ਦੀ ਈ.ਮੇਲ ਆਈ.ਡੀ. punjabirasala.pblanguages@gmail.com ’ਤੇ ਮੇਲ ਕਰ ਸਕਦੇ ਹਨ। ਇਸਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫਿ਼ਰੋਜ਼ਪੁਰ ਦੀ ਮੇਲ ਆਈ.ਡੀ. dlo.fzr.18@gmail.com ’ਤੇ ਵੀ ਰਚਨਾ ਭੇਜੀ ਜਾਵੇ। ਰਸਾਲਿਆਂ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ ਸੰਪਾਦਕ ਨਾਲ ਮੋਬਾਇਲ ਨੰ. 98159-15902 ’ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।

English






