ਮਕਬੂਲ ਪੁਰਾ ਖੇਤਰ ਦਾ ਕੀਤਾ ਜਾਵੇਗਾ ਚਹੁਪੱਖੀ ਵਿਕਾਸ-ਮੇਅਰ

ਮਕਬੂਲਪੁਰਾ ਨੂੰ ਮਾਡਲ ਖੇਤਰ ਵਜੋਂ ਵਿਕਸਤ ਲਈ ਜਿਲ੍ਹਾ ਅਧਿਕਾਰੀਆਂ ਵੱਲੋਂ ਇਲਾਕੇ ਦਾ ਦੌਰਾ
ਮੇਨ ਰੋਡ ਤੋ ਹਟਾਏ ਜਾਣਗੇ ਨਜ਼ਾਇਜ਼ ਕਬਜੇ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ 3 ਅਗਸਤ 2021 ਅੱਜ ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ: ਗੁਰਪੀ੍ਰਤ ਸਿੰਘ ਖਹਿਰਾ, ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਦਿਨੇਸ਼ ਬੱਸੀ, ਡਿਪਟੀ ਕਮਿਸ਼ਨਰ ਸ: ਗੁਰਪੀ੍ਰਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਏ ਡੀ ਸੀ ਪੀ ਸ. ਹਰਪਾਲ ਸਿੰਘ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਹੋਰ ਅਧਿਕਾਰੀਆਂ ਨਾਲ ਮਕਬੂਲੁਪਰਾ ਖੇਤਰ ਦਾ ਦੌਰਾ ਕੀਤਾ। ਇਸ ਮੌਕੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਗੁਹ ਨਾਲ ਵੇਖਦੇ ਹੋਏ ਇਸ ਇਲਾਕੇ ਦੇ ਸਮੁੱਚੇ ਵਿਕਾਸ ਲਈ ਰਣਨੀਤੀ ਤੈਅ ਕਰਨ ਦਾ ਪ੍ਰੋਗਰਾਮ ਉਲੀਕਣ ਦਾ ਫੈਸਲਾ ਲਿਆ ਗਿਆ, ਜੋ ਕਿ ਇਲਾਕੇ ਦੇ ਸਮੁੱਚੇ ਵਿਕਾਸ ਲਈ ਫੈਸਲਾਕੁੰਨ ਸਾਬਤ ਹੋਵੇ। ਸ. ਖਹਿਰਾ ਨੇ ਇਸ ਇਲਾਕੇ ਵਿਚ ਚੰਗੇ ਖੇਡ ਮੈਦਾਨ, ਪਾਰਕ, ਬੱਚਿਆਂ ਲਈ ਬਿਹਤਰ ਸਕੂਲ ਆਦਿ ਨਿਰਮਾਣ ਕਰਨ ਦਾ ਸੁਝਾਅ ਦਿੱਤਾ ਅਤੇ ਮੇਅਰ ਸ. ਰਿੰਟੂ ਨੇ ਇਲਾਕੇ ਵਿਚ ਸੜਕਾਂ, ਸਟਰੀਟ ਲਾਇਟਾਂ ਆਦਿ ਲਗਾਉਣ ਦੀਆਂ ਹਦਾਇਤਾਂ ਅਧਿਕਾਰੀਆਂ ਨੂੰ ਦਿੱਤੀਆਂ। ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਦੱਸਿਆ ਕਿ ਅਸੀਂ ਇਲਾਕੇ ਨੂੰ ਪਾਇਲਟ ਪ੍ਰਾਜੈਕਟ ਵਜੋਂ ਵਿਕਸਤ ਕਰਾਂਗੇ, ਜੋ ਕਿ ਇਕ ਨਮੂਨੇ ਵਜੋਂ ਰਾਜ ਪੱਧਰ ਉਤੇ ਵਖਾਇਆ ਜਾ ਸਕੇਗਾ। ਉਨਾਂ ਕਿਹਾ ਕਿ ਇਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮਕਬੂਲਪੁਰਾ ਸ਼ਹਿਰ ਦੇ ਹੋਰ ਮੁਹੱਲਿਆਂ ਨਾਲੋਂ ਵੀ ਬਿਹਤਰ ਢੰਗ ਨਾਲ ਵਿਕਸਤ ਹੋਵੇ।
ਇਸੇ ਦੌਰਾਨ ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਗੋਲਡਨ ਗੇਟ ਤੋਂ ਲੈ ਕੇ ਬੱਸ ਅੱਡੇ ਤੱਕ ਥਾਂ-ਥਾਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀਆਂ ਹਦਾਇਤਾਂ ਕਰਦੇ ਹੋਏ ਸਾਰੇ ਰਾਹ ਦਾ ਦੌਰਾ ਕੀਤਾ। ਇਸ ਦੌਰਾਨ ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਗੋਲਡਨ ਗੇਟ ਦੇ ਚੌਗਿਰਦੇ ਦੀ ਸਾਂਭ-ਸੰਭਾਲ ਹੋਰ ਬਿਹਤਰ ਢੰਗ ਨਾਲ ਕਰਨ ਦੀਆਂ ਹਦਾਇਤਾਂ ਕੀਤੀਆਂ। ਇਸ ਮਗਰੋਂ ਸਾਰੇ ਅਧਿਕਾਰੀ ਜਹਾਜ਼ਗੜ੍ਹ ਵਿਖੇ ਖੜੀਆਂ ਰੇਤ ਦੀਆਂ ਟਰਾਲੀਆਂ ਵਾਲੇ ਸਥਾਨ ਉਤੇ ਗਏ ਅਤੇ ਉਨਾਂ ਨੂੰ ਹਦਾਇਤ ਕੀਤੀ ਕਿ ਇਥੋਂ ਨਾਜ਼ਾਇਜ਼ ਕਬਜ਼ੇ ਹਟਾ ਲਏ ਜਾਣ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਦੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ ਨੇ ਦੱਸਿਆ ਕਿ ਇਹ ਟਰੱਸਟ ਦਾ ਸਥਾਨ ਹੈ ਅਤੇ ਅਸੀਂ ਇਥੋਂ ਕਬਜ਼ੇ ਹਟਾ ਕੇ ਇਲਾਕੇ ਨੂੰ ਸੁੰਦਰ ਦਿੱਖ ਦਿਆਂਗੇ। ਇਸ ਮਗਰੋਂ ਸਾਰੇ ਅਧਿਕਾਰੀਆਂ ਨੇ ਕਰੇਨਾਂ ਤੇ ਹੋਰ ਵਹੀਕਲ ਜੋ ਕਿ ਸੜਕ ਕਿਨਾਰੇ ਖੜੇ ਰਹਿੰਦੇ ਹਨ, ਦੇ ਮਾਲਕਾਂ ਨਾਲ ਵੀ ਇਹ ਵਹੀਕਲ ਕਿਧਰੇ ਹੋਰ ਤਬਦੀਲ ਕਰਨ ਲਈ ਗੱਲਬਾਤ ਕੀਤੀ। ਸਮੁੱਚੀ ਟੀਮ ਨੇ ਇਸ ਮਗਰੋਂ ਬੱਸ ਸਟੈਂਡ ਅਤੇ ਗੁਰੂ ਨਾਨਕ ਆਡੀਟੋਰੀਅਮ ਇਲਾਕੇ ਦਾ ਦੌਰਾ ਕਰਕੇ ਪਾਰਕਿੰਗ ਸਥਾਨਾਂ ਦੀ ਸਨਾਖਤ ਕੀਤੀ, ਤਾਂ ਜੋ ਨਿੱਜੀ ਬੱਸਾਂ ਨੂੰ ਸੜਕਾਂ ਉਤੇ ਖੜਨ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਬੱਸ ਸਟੈਂਡ ਨੇੜੇ ਖੜੇ ਹੁੰਦੇ ਆਟੋ ਅਤੇ ਉਨਾਂ ਕਾਰਨ ਹੁੰਦੇ ਟਰੈਫਿਕ ਜਾਮ ਦਾ ਪੱਕਾ ਹੱਲ ਕਰਨ ਲਈ ਟਰੈਫਿਕ ਪੁਲਿਸ ਤੇ ਕਾਰਪੋਰੇਸ਼ਨ ਨੂੰ ਹਦਾਇਤ ਕਰਕੇ ਆਟੋ ਲਈ ਵੱਖਰਾ ਰਸਤਾ ਮਾਰਕ ਕਰਨ ਦੀ ਹਦਾਇਤ ਵੀ ਕੀਤੀ।