ਮੁੱਖ ਮੰਤਰੀ ‘ਤੇ ‘ਆਪ’ ਦਾ ਪਲਟਵਾਰ -ਪੰਜਾਬ ਕਿਸੇ ਦੇ ‘ਬਾਪ’ ਦੀ ਜਾਗੀਰ ਨਹੀਂ- ਹਰਪਾਲ ਸਿੰਘ ਚੀਮਾ

Harpal Singh Cheema aap Leader LoP

-ਟਵੀਟ ਕਰਕੇ ਭਗਵੰਤ ਮਾਨ ਨੇ ਵੀ ਬੋਲਦਿਆਂ ਹਮਲਾ

ਚੰਡੀਗੜ੍ਹ, 3 ਸਤੰਬਰ 2020
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਔਕਸੀ-ਮਿੱਤਰ (ਔਕਸੀਮੀਟਰ) ਮੁਹਿੰਮ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਬਾਰੇ ਕੀਤੀ ਟਿੱਪਣੀ ‘ਤੇ ਤਿੱਖਾ ਪਲਟਵਾਰ ਕਰਦਿਆਂ ਆਮ ਆਦਮੀ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਬੇਲੋੜਾ, ਬੇਤੁਕਾ ਅਤੇ ਬੌਖਲਾਹਟ ਭਰਿਆ ਦੱਸਿਆ ਹੈ।

Bhagwant mann tweet
ਇਸ ਮਾਮਲੇ ‘ਤੇ ਭਗਵੰਤ ਮਾਨ ਵੱਲੋਂ ਕੀਤੇ ਗਏ ਟਵੀਟ ‘ਚ ਕਿਹਾ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਦੇਸ਼ ਧ੍ਰੋਹੀ ਜਾਂ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਅਫ਼ਵਾਹਾਂ ਫੈਲਾਉਣ ਵਰਗੇ ਦੋਸ਼ ਬੇਤੁਕੇ ਅਤੇ ਬੇਲੋੜੇ ਹਨ, ਇੱਕ ਚੁਣੇ ਹੋਏ ਮੁੱਖ ਮੰਤਰੀ ਬਾਰੇ ਅਜਿਹੀਆਂ ਬੇਤੁਕੀਆਂ ਗੱਲਾਂ ਨਾ ਕਰੋ। ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਅੱਗੇ ਕਿਹਾ ਕਿ ਤੁਹਾਡੇ ਵਿਦੇਸ਼ੀ ਮਹਿਮਾਨ ਸਰਕਾਰੀ ਸਹੂਲਤਾਂ ਦਾ ਅਨੰਦ ਮਾਣਦੇ ਹਨ। ਸਰਕਾਰੀ ਕੰਮਾਂ ‘ਚ ਦਖ਼ਲਅੰਦਾਜ਼ੀ ਕਰਦੇ ਹਨ। ਇਹ ਗੱਲਾਂ ਸਾਰਾ ‘ਆਲਮ’ ਜਾਣਦਾ ਹੈ।
ਉੱਧਰ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਬਿਆਨ ‘ਚ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਪੰਜਾਬ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ। ਅਰਵਿੰਦ ਕੇਜਰੀਵਾਲ ਵੱਲੋਂ ਨਾ ਕੇਵਲ ਪੰਜਾਬ ਬਲਕਿ ਪੂਰੇ ਦੇਸ਼ ‘ਚ ਚਲਾਈ ਗਈ ਔਕਸੀ-ਮਿੱਤਰ (ਔਕਸੀਮੀਟਰ) ਮੁਹਿੰਮ ਦੇਸ਼ ਵਿਰੋਧੀ ਕਾਰਵਾਈ ਨਹੀਂ ਸਗੋਂ ਦੇਸ਼ ਦੇ ਲੋਕਾਂ ਅਤੇ ਸੂਬਾ ਸਰਕਾਰਾਂ ਦੇ ਸਹਿਯੋਗ ਵਾਲੀ ਮੁਹਿੰਮ ਹੈ। ਇਸ ‘ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਤਕਲੀਫ਼ ਹੁੰਦੀ ਹੈ ਤਾਂ ਇਹ ਇੱਕ ਫਲਾਪ ਮੁੱਖ ਮੰਤਰੀ (ਅਮਰਿੰਦਰ ਸਿੰਘ) ਦੀ ਬੌਖਲਾਹਟ ਤੋਂ ਵੱਧ ਕੇ ਕੁੱਝ ਨਹੀਂ।
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਤੰਜ ਕਸਦਿਆਂ ਕਿਹਾ, ”ਤੁਹਾਨੂੰ ਵਿਦੇਸ਼ੀ ਮਿੱਤਰ ਦੇ ਪਾਕਿਸਤਾਨੀ ਕਬਜ਼ੇ ‘ਚੋਂ ਬਾਹਰ ਨਿਕਲਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ‘ਚ ਜਾ ਕੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਹਲਾਤ ਕਿੰਨੇ ਭਿਅੰਕਰ ਹਨ ਅਤੇ ਲੋਕਾਂ ਦਾ ਸਰਕਾਰ ਅਤੇ ਸਰਕਾਰੀ ਹਸਪਤਾਲਾਂ ਜਾਂ ਕੋਰੋਨਾ ਕੇਅਰ ਸੈਂਟਰਾਂ ‘ਚ ਵਿਸ਼ਵਾਸ ਕਿਉਂ ਨਹੀਂ ਰਿਹਾ?